ਰਾਜਗ ਰਾਜ ਸਭਾ ’ਚ ਦੋ-ਤਿਹਾਈ ਬਹੁਮਤ ਦੇ ਨੇੜੇ, ਤ੍ਰਿਣਮੂਲ ’ਚ ਬਗਾਵਤ ਦੇ ਬਾਵਜੂਦ ਲੋਕ ਸਭਾ ’ਚ ਗਿਣਤੀ ਘੱਟ
Monday, Jun 15, 2026 - 04:32 PM (IST)
ਨਵੀਂ ਦਿੱਲੀ- ਤ੍ਰਿਣਮੂਲ ਕਾਂਗਰਸ ’ਚ ਬਗਾਵਤ ਨਾਲ ਸੰਸਦ ’ਚ ਰਾਸ਼ਟਰੀ ਜਨਤੰਤਰਿਕ ਗੱਠਜੋੜ (ਰਾਜਗ) ਦੀ ਤਾਕਤ ਵਧਣ ਦੀ ਉਮੀਦ ਹੈ, ਕਿਉਂਕਿ ਉਹ ਅਹਿਮ ਸੰਵਿਧਾਨਕ ਸੋਧ ਬਿੱਲ ਪਾਸ ਕਰਵਾਉਣ ਲਈ ਦੋਵਾਂ ਸਦਨਾਂ ’ਚ ਦੋ-ਤਿਹਾਈ ਬਹੁਮਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਰਾਜ ਸਭਾ ਚੋਣਾਂ ਦਾ ਮੌਜੂਦਾ ਦੌਰ ਰਾਜਗ ਨੂੰ ਦੋ-ਤਿਹਾਈ ਬਹੁਮਤ ਦੇ ਅੰਕੜੇ ਦੇ ਨੇੜੇ ਪਹੁੰਚਣ ’ਚ ਮਦਦ ਕਰੇਗਾ ਪਰ ਲੋਕ ਸਭਾ ’ਚ ਤ੍ਰਿਣਮੂਲ ਸੰਸਦ ਮੈਂਬਰਾਂ ਵੱਲੋਂ ਪਾਸਾ ਬਦਲਣ ਦੇ ਬਾਵਜੂਦ ਉਹ ਹਾਲੇ ਵੀ 363 ਦੇ ਇਸ ਜਾਦੂਈ ਅੰਕੜੇ ਤੋਂ ਕਾਫ਼ੀ ਦੂਰ ਹੈ।
ਸੂਤਰਾਂ ਮੁਤਾਬਕ ਰਾਜ ਸਭਾ ’ਚ ਰਾਜਗ ਦੇ ਮੌਜੂਦਾ 148 ਸੰਸਦ ਮੈਂਬਰਾਂ ਦੀ ਗਿਣਤੀ ’ਚ ਤਿੰਨ ਹੋਰ ਸੀਟਾਂ ਜੁੜਨ ਦੀ ਉਮੀਦ ਹੈ। ਇਹ ਵਾਧਾ ਝਾਰਖੰਡ ਅਤੇ ਮਿਜ਼ੋਰਮ ’ਚ ਹੋ ਰਹੀਆਂ ਰਾਜ ਸਭਾ ਚੋਣਾਂ ’ਚ ਆਜ਼ਾਦ ਉਮੀਦਵਾਰਾਂ ਦੇ ਸੀਟਾਂ ਜਿੱਤਣ ਨਾਲ ਹੋ ਸਕਦਾ ਹੈ। ਤ੍ਰਿਣਮੂਲ ਦੇ ਤਿੰਨ ਰਾਜ ਸਭਾ ਮੈਂਬਰਾਂ ਦੇ ਅਸਤੀਫ਼ੇ ਤੋਂ ਬਾਅਦ ਜ਼ਿਮਨੀ ਚੋਣਾਂ ’ਚ ਰਾਜਗ ਪੱਛਮੀ ਬੰਗਾਲ ਦੀਆਂ ਤਿੰਨੋਂ ਸੀਟਾਂ ਜਿੱਤ ਸਕਦਾ ਹੈ। ਇਸ ਨਾਲ ਉਸ ਦੀ ਕੁੱਲ ਗਿਣਤੀ 154 ਹੋ ਜਾਵੇਗੀ, ਜੋ ਉੱਚ ਸਦਨ ’ਚ ਦੋ-ਤਿਹਾਈ ਬਹੁਮਤ ਤੋਂ 9 ਘੱਟ ਹੈ।
ਕਿਉਂਕਿ ਉੱਚ ਸਦਨ ’ਚ ਤ੍ਰਿਣਮੂਲ ਦੇ ਹੋਰ ਸੰਸਦ ਮੈਂਬਰਾਂ ਦੇ ਅਸਤੀਫ਼ਾ ਦੇਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਅਜਿਹੇ ’ਚ ਰਾਜਗ 163 ਦਾ ਅੰਕੜਾ ਛੂਹ ਸਕਦਾ ਹੈ, ਜਿਸ ਨਾਲ ਉਸ ਨੂੰ ਸਾਰੇ ਸੰਵਿਧਾਨਕ ਸੋਧ ਬਿੱਲ ਪਾਸ ਕਰਨ ਲਈ ਜ਼ਰੂਰੀ ਗਿਣਤੀ ਮਿਲ ਜਾਵੇਗੀ। ਨਵੰਬਰ ਤੱਕ ਸੱਤਾਧਾਰੀ ਗੱਠਜੋੜ ਦੀ ਤਾਕਤ ਘੱਟ ਹੋ ਸਕਦੀ ਹੈ, ਕਿਉਂਕਿ ਉੱਤਰ ਪ੍ਰਦੇਸ਼ ਤੋਂ 10 ਸੰਸਦ ਮੈਂਬਰਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ। ਉੱਥੇ ਹੀ ਰਾਜ ਵਿਧਾਨ ਸਭਾ ’ਚ ਆਪਣੀ ਬਿਹਤਰ ਗਿਣਤੀ ਕਾਰਨ ਸਮਾਜਵਾਦੀ ਪਾਰਟੀ ਨੂੰ ਰਾਜ ਸਭਾ ’ਚ ਕੁਝ ਸੀਟਾਂ ਮਿਲ ਸਕਦੀਆਂ ਹਨ। ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਕੋਲ ਹਾਲੇ 64 ਸੰਸਦ ਮੈਂਬਰ ਹਨ; ਡੀ. ਐੱਮ. ਕੇ. ਦੇ 8 ਸੰਸਦ ਮੈਂਬਰਾਂ ਦੇ ਵੱਖ ਹੋਣ ਅਤੇ ‘ਆਪ’ ਦੇ 3 ਸੰਸਦ ਮੈਂਬਰਾਂ ਦੇ ਗੱਠਜੋੜ ਤੋਂ ਦੂਰੀ ਬਣਾ ਲੈਣ ਤੋਂ ਬਾਅਦ ਇਹ ਸਥਿਤੀ ਬਣੀ ਹੈ। ਵਾਈ. ਐੱਸ. ਆਰ. ਕਾਂਗਰਸ ਅਤੇ ਬੀਜਦ ਵਰਗੇ ਦਲ ਜਿਨ੍ਹਾਂ ਕੋਲ ਕ੍ਰਮਵਾਰ 7 ਅਤੇ 6 ਸੀਟਾਂ ਹਨ, ਰਾਜ ਸਭਾ ’ਚ ਕਿਸੇ ਵੀ ਪਾਸੇ ਜਾ ਸਕਦੇ ਹਨ। ਇਹ ਦਲ ਕਿਸੇ ਗੱਠਜੋੜ ਦਾ ਹਿੱਸਾ ਨਹੀਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
