ਜ਼ਿਮਨੀ ਚੋਣਾਂ ’ਚ 4 ਸੀਟਾਂ ’ਤੇ ਰਾਜਗ ਦੀ ਜਿੱਤ, 2 ’ਤੇ TVK ਦਾ ਕਬਜ਼ਾ
Saturday, Oct 10, 2026 - 10:57 AM (IST)
ਨਵੀਂ ਦਿੱਲੀ (ਏਜੰਸੀ)- ਪੱਛਮੀ ਬੰਗਾਲ, ਤਾਮਿਲਨਾਡੂ, ਪੁਡੂਚੇਰੀ ਦੀਆਂ 5 ਵਿਧਾਨ ਸਭਾ ਸੀਟਾਂ ਅਤੇ ਆਸਾਮ ਦੀ ਨਗਾਓਂ ਲੋਕ ਸਭਾ ਸੀਟ ’ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਭਾਜਪਾ ਨੇ ਆਸਾਮ ਦੀ ਨਗਾਓਂ ਲੋਕ ਸਭਾ ਸੀਟ ਦੇ ਨਾਲ ਪੱਛਮੀ ਬੰਗਾਲ ਦੀ ਨੰਦੀਗ੍ਰਾਮ ਅਤੇ ਰੇਜੀਨਗਰ ਵਿਧਾਨ ਸਭਾ ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਉੱਥੇ ਹੀ, ਤਾਮਿਲਨਾਡੂ ਦੀ ਧਾਰਾਪੁਰਮ ਅਤੇ ਮਦੁਰਾਂਤਕਮ ਸੀਟਾਂ ’ਤੇ ਤਮਿਲਗਾ ਵੇਤਰੀ ਕਸ਼ਗਮ (ਟੀ. ਵੀ. ਕੇ.) ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਪੁਡੂਚੇਰੀ ਦੀ ਥੱਟਨਚਾਵੜੀ ਸੀਟ ’ਤੇ ਐੱਨ. ਡੀ. ਏ. ਵਿਚ ਸ਼ਾਮਲ ਆਲ ਇੰਡੀਆ ਐੱਨ. ਆਰ. ਕਾਂਗਰਸ ਦੇ ਅਸ਼ੋਕ ਆਨੰਦ ਜੇਤੂ ਬਣੇ।
ਨੰਦੀਗ੍ਰਾਮ ਸੀਟ ’ਤੇ ਭਾਜਪਾ ਦੀ ਹਸੀ ਰਾਣੀ ਰਥ ਨੇ 1,22,753 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੂੰ ਕੁੱਲ 1,64,427 ਵੋਟਾਂ ਮਿਲੀਆਂ। ਇਸ ਜਿੱਤ ਦੇ ਨਾਲ ਹਸੀ ਰਾਣੀ ਰਥ ਨੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਦਾ ਰਿਕਾਰਡ ਤੋੜ ਦਿੱਤਾ ਹੈ। 2016 ਵਿਚ ਸ਼ੁਭੇਂਦੂ ਅਧਿਕਾਰੀ ਨੇ ਤ੍ਰਿਣਮੂਲ ਕਾਂਗਰਸ ਦੀ ਟਿਕਟ ’ਤੇ ਚੋਣ ਲੜਦਿਆਂ ਸੀ. ਪੀ. ਆਈ. ਦੇ ਅਬਦੁਲ ਕਬੀਰ ਸ਼ੇਖ ਨੂੰ 81,230 ਵੋਟਾਂ ਨਾਲ ਹਰਾਇਆ ਸੀ। ਭਾਜਪਾ ਨੇ ਮੁਰਸ਼ਿਦਾਬਾਦ ਜ਼ਿਲੇ ਦੀ ਰੇਜੀਨਗਰ ਵਿਧਾਨ ਸਭਾ ਸੀਟ ਵੀ 75,816 ਵੋਟਾਂ ਦੇ ਫ਼ਰਕ ਨਾਲ ਜਿੱਤ ਲਈ। ਮੁਸਲਿਮ ਬਹੁਗਿਣਤੀ ਵਾਲੀ ਇਸ ਸੀਟ ’ਤੇ ਭਾਜਪਾ ਦੀ ਜਿੱਤ ਨੂੰ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ।
ਉੱਧਰ ਤਾਮਿਲਨਾਡੂ ਦੀ ਧਾਰਾਪੁਰਮ ਵਿਧਾਨ ਸਭਾ ਸੀਟ ’ਤੇ ਟੀ. ਵੀ. ਕੇ. ਦੀ ਉਮੀਦਵਾਰ ਸਤਿਆਭਾਮਾ ਪੀ. ਨੇ 9,471 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ। ਉੱਥੇ ਹੀ, ਮਦੁਰਾਂਤਕਮ ਸੀਟ ’ਤੇ ਵੀ ਟੀ. ਵੀ. ਕੇ. ਦੇ ਮਰਾਗਥਮ ਕੁਮਾਰਵੇਲ ਨੇ ਜਿੱਤ ਹਾਸਲ ਕੀਤੀ ਹੈ।
ਉੱਥੇ ਹੀ ਪੁਡੂਚੇਰੀ ਦੀ ਥੱਟਨਚਾਵੜੀ ਵਿਧਾਨ ਸਭਾ ਸੀਟ ’ਤੇ ਸੱਤਾਧਾਰੀ ਆਲ ਇੰਡੀਆ ਐੱਨ. ਆਰ. ਕਾਂਗਰਸ ਦੇ ਉਮੀਦਵਾਰ ਅਸ਼ੋਕ ਆਨੰਦ ਨੇ 8,000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
