ਦੀਵਾਲੀ ਦੌਰਾਨ ਲੋਕ ਅਜਿਹੇ ਤਰੀਕੇ ਅਪਣਾਉਣ ਕਿ ਪ੍ਰਦੂਸ਼ਣ ਘੱਟ ਫੈਲੇ: ਸੁਪਰੀਮ ਕੋਰਟ

Tuesday, Oct 13, 2026 - 02:47 AM (IST)

ਦੀਵਾਲੀ ਦੌਰਾਨ ਲੋਕ ਅਜਿਹੇ ਤਰੀਕੇ ਅਪਣਾਉਣ ਕਿ ਪ੍ਰਦੂਸ਼ਣ ਘੱਟ ਫੈਲੇ: ਸੁਪਰੀਮ ਕੋਰਟ

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦੀਵਾਲੀ ਦੌਰਾਨ ਲੋਕ ਅਜਿਹੇ ਤਰੀਕੇ ਅਪਣਾਉਣ ਕਿ ਪ੍ਰਦੂਸ਼ਣ ਘੱਟ ਫੈਲੇ। ਦਿੱਲੀ-ਐੱਨ. ਸੀ. ਆਰ. (ਰਾਸ਼ਟਰੀ ਰਾਜਧਾਨੀ ਖੇਤਰ) ’ਚ ਪਟਾਕਿਆਂ ’ਤੇ ਪਾਬੰਦੀ 'ਤੇ ਵਿਚਾਰ ਕਰਦੇ ਸਮੇਂ ਅਦਾਲਤ ਨੇ ਧਾਰਮਿਕ ਭਾਵਨਾਵਾਂ ਅਤੇ ਜਨਤਕ ਸਿਹਤ ਚਿੰਤਾਵਾਂ ਦਰਮਿਆਨ ਸੰਤੁਲਨ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜੋਇਮਲਿਆ ਬਾਗਚੀ ਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਕਿਹਾ ਕਿ ਲੋਕਾਂ ਨੂੰ ਅਦਾਲਤ ਦੇ ਪਾਬੰਦੀਸ਼ੁਦਾ ਹੁਕਮਾਂ ’ਤੇ ਨਿਰਭਰ ਰਹਿਣ ਦੀ ਬਜਾਏ ਸਵੈ-ਇੱਛਾ ਨਾਲ ਅਜਿਹੇ ਤਰੀਕੇ ਅਪਣਾਉਣੇ ਚਾਹੀਦੇ ਹਨ ਕਿ ਤਿਉਹਾਰਾਂ ਦੌਰਾਨ ਪ੍ਰਦੂਸ਼ਣ ਘੱਟ ਫੈਲੇ ।

ਬੈਂਚ ਐਨ. ਸੀ. ਆਰ. ’ਚ ਹਵਾ ਦੇ ਪ੍ਰਦੂਸ਼ਣ ਨਾਲ ਸਬੰਧਤ ਮੁੱਦਿਆਂ ਜਿਵੇਂ ਕਿ ਪਟਾਕੇ ਚਲਾਉਣਾ, ਪਰਾਲੀ ਸਾੜਨਾ ਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ’ਤੇ ਇਕ ਕੇਸ ਦੀ ਸੁਣਵਾਈ ਕਰ ਰਹੀ ਸੀ। ਚੀਫ਼ ਜਸਟਿਸ ਨੇ ਕਿਹਾ, ਕਿ ਸਾਨੂੰ ਲੋਕਾਂ ਨੂੰ ਸਮਝਦਾਰ ਬਣਾਉਣਾ ਹੋਵੇਗਾ, ਉਨ੍ਹਾਂ ’ਚ ਜਾਗਰੂਕਤਾ ਪੈਦਾ ਕਰਨੀ ਹੋਵੇਗੀ ਤੇ ਉਨ੍ਹਾਂ ਨੂੰ ਦੱਸਣਾ ਹੋਵੇਗਾ ਕਿ ਕਿਹੜੇ ਪਟਾਕੇ ਵੱਧ ਨੁਕਸਾਨਦੇਹ ਹਨ ਤੇ ਕਿਹੜੇ ਘੱਟ ਨੁਕਸਾਨਦੇਹ ਹਨ।

ਜਸਟਿਸ ਸੂਰਿਆਕਾਂਤ ਨੇ ਵਧੇਰੇ ਨੁਕਸਾਨਦੇਹ ਬਦਲਾਂ ਦੀ ਉਪਲਬਧਤਾ ਨੂੰ ਸੀਮਤ ਕਰਦੇ ਹੋਏ ਰਵਾਇਤੀ ਰਸਮਾਂ ਜਿਵੇਂ ਕਿ ਦੀਵੇ ਜਗਾਉਣ ਤੇ ਫੁੱਲਝੜੀਆਂ ਦੀ ਵਰਤੋਂ ਕਰਨ 'ਤੇ ਅਧਾਰਤ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਸੁਝਾਅ ਦਿੱਤਾ।

ਸੁਣਵਾਈ ਦੌਰਾਨ ਜਸਟਿਸ ਬਾਗਚੀ ਨੇ ਪਟਾਕੇ ਚਲਾਉਣ ਦੇ ਧਾਰਮਿਕ ਆਧਾਰ ’ਤੇ ਸਵਾਲ ਉਠਾਇਆ। ਉਨ੍ਹਾਂ ਪੁੱਛਿਆ ਕਿ ਪਟਾਕੇ ਚਲਾਉਣ ਦਾ ਧਰਮ ਨਾਲ ਕੀ ਸਬੰਧ ਹੈ? ਸੀਨੀਅਰ ਵਕੀਲ ਅਪਰਾਜਿਤ ਸਿੰਘ, ਜੋ ਇਸ ਮਾਮਲੇ ’ਚ ਸੁਪਰੀਮ ਕੋਰਟ ਦੀ ਮਦਦ ਕਰ ਰਹੀ ਹੈ, ਨੇ ਪਟਾਕਿਆਂ ਨੂੰ ਧਾਰਮਿਕ ਰਸਮਾਂ ਨਾਲ ਜੋੜਨ ਵਾਲੀਆਂ ਦਲੀਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜੇ ਦੇਵਤਿਆਂ ਨੂੰ ਪਤਾ ਲੱਗ ਜਾਏ ਕਿ ਬੱਚੇ ਉਨ੍ਹਾਂ ਦੇ ਨਾਂ ’ਤੇ ਬੀਮਾਰ ਹੋ ਰਹੇ ਹਨ ਤੇ ਦੁੱਖ ਝੱਲ ਰਹੇ ਹਨ ਤਾਂ ਉਹ ਹੈਰਾਨ ਰਹਿ ਜਾਣ।
 


author

Inder Prajapati

Content Editor

Related News