NCRB ਰਿਪੋਰਟ ’ਚ ਖ਼ੁਲਾਸਾ; ਉੱਤਰਾਖੰਡ ’ਚ ਵਾਪਰੀਆਂ ਕਤਲ ਅਤੇ ਅਪਰਾਧ ਦੀਆਂ ਸਭ ਤੋਂ ਵੱਧ ਘਟਨਾਵਾਂ
Wednesday, Aug 31, 2022 - 12:35 PM (IST)
ਦੇਹਰਾਦੂਨ- ਉੱਤਰਾਖੰਡ ਵਿਚ ਬੱਚਿਆਂ ਵਿਰੁੱਧ ਅਪਰਾਧਾਂ ਦੇ 1,245 ਮਾਮਲੇ, 208 ਕਤਲ ਅਤੇ ਬਲਾਤਕਾਰ ਦੇ 534 ਮਾਮਲੇ ਦਰਜ ਕੀਤੇ ਗਏ, ਜੋ ਕਿ 2021 ’ਚ ਭਾਰਤ ਦੇ ਹਿਮਾਲੀਅਨ ਸੂਬਿਆਂ ’ਚੋਂ ਸਭ ਤੋਂ ਵੱਧ ਹਨ। ਇਹ ਜਾਣਕਾਰੀ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (NCRB) ਦੀ ਰਿਪੋਰਟ- 'ਭਾਰਤ ਵਿਚ ਅਪਰਾਧ 2021' ਵਲੋਂ ਦਿੱਤੀ ਗਈ ਹੈ।
ਉੱਤਰਾਖੰਡ ਤੋਂ ਇਲਾਵਾ 8 ਹੋਰ ਸੂਬਿਆਂ ’ਚ ਅਪਰਾਧਾਂ ਦਾ ਗਰਾਫ ਵਧਿਆ-
ਉੱਤਰਾਖੰਡ ਤੋਂ ਇਲਾਵਾ 8 ਹੋਰ ਹਿਮਾਲੀਅਨ ਸੂਬੇ- ਹਿਮਾਚਲ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਮ ਅਤੇ ਤ੍ਰਿਪੁਰਾ ਹਨ, ਜਿੱਥੇ ਕਤਲ ਅਤੇ ਅਪਰਾਧ ਅਤੇ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਾਪਰੀਆਂ। NCRB ਦੀ ਰਿਪੋਰਟ ਮੁਤਾਬਕ ਉੱਤਰਾਖੰਡ ਵਿਚ 2020 ਦੇ ਮੁਕਾਬਲੇ 2021 ’ਚ ਬੱਚਿਆਂ ਵਿਰੁੱਧ ਅਪਰਾਧ ਦੇ 179 ਹੋਰ ਮਾਮਲੇ ਦਰਜ ਕੀਤੇ ਗਏ। ਉੱਤਰਾਖੰਡ ਤੋਂ ਬਾਅਦ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ’ਚ 740 ਮਾਮਲੇ ਅਤੇ ਮੇਘਾਲਿਆ ’ਚ 481 ਮਾਮਲੇ ਹਨ।
ਬੱਚਿਆਂ ਖ਼ਿਲਾਫ ਅਪਰਾਧ ਵਧੇ-
ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (NCRB) ਦੀ ਰਿਪੋਰਟ ਮੁਤਾਬਕ ਉੱਤਰਾਖੰਡ ’ਚ ਬੱਚਿਆਂ ਖ਼ਿਲਾਫ ਅਪਰਾਧ ਦੇ ਕੁੱਲ 1,245 ਮਾਮਲਿਆਂ ’ਚੋਂ 712 ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਅਗਵਾ ਦੇ 239 ਮਾਮਲੇ ਦਰਜ ਕੀਤੇ ਗਏ ਹਨ। 712 ਪੋਕਸੋ ਮਾਮਲਿਆਂ ’ਚੋਂ 593 ਪੋਕਸੋ ਐਕਟ ਦੀ ਧਾਰਾ 4 ਅਤੇ 6 ਤਹਿਤ ਦਰਜ ਬੱਚਿਆਂ ਨਾਲ ਬਲਾਤਕਾਰ ਦੇ ਮਾਮਲੇ ਸਨ।
ਵੱਡੀ ਗਿਣਤੀ ’ਚ ਔਰਤਾਂ ਬਲਾਤਕਾਰ ਦੀਆਂ ਸ਼ਿਕਾਰ ਹੋਈਆਂ-
ਉੱਤਰਾਖੰਡ ’ਚ ਵੀ ਬਲਾਤਕਾਰ ਦੇ 534 ਮਾਮਲੇ ਦਰਜ ਕੀਤੇ ਗਏ, ਜੋ ਸਾਰੇ 9 ਹਿਮਾਲੀਨ ਸੂਬਿਆਂ ’ਚ ਸਭ ਤੋਂ ਵੱਧ ਹਨ। ਇਨ੍ਹਾਂ 534 ਮਾਮਲਿਆਂ ’ਚੋਂ 522 ਮਾਮਲਿਆਂ ’ਚ ਅਪਰਾਧੀ ਪੀੜਤਾਂ ਦਾ ਜਾਣ-ਪਛਾਣ ਸੀ। ਉੱਤਰਾਖੰਡ ਮਗਰੋਂ ਹਿਮਾਚਲ ’ਚ 430 ਅਤੇ ਤ੍ਰਿਪੁਰਾ ’ਚ 136 ਬਲਾਤਕਾਰ ਦੇ ਮਾਮਲੇ ਦਰਜ ਕੀਤੇ ਗਏ।
208 ਮਾਮਲੇ ਕਤਲ ਦੇ-
NCRB ਨੇ ਇਹ ਵੀ ਕਿਹਾ ਕਿ ਉਤਰਾਖੰਡ ਨੇ ਚ 9 ਹਿਮਾਲੀਅਨ ਸੂਬਿਆਂ ’ਚ ਕਤਲ ਦੇ ਸਭ ਤੋਂ ਵੱਧ 208 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ 208 ਮਾਮਲਿਆਂ ’ਚ 72 ਬਲਾਈਂਡ ਮਰਡਰ ਸਨ। ਉੱਥੇ ਹੀ ਸਭ ਤੋਂ ਵੱਧ 122 ਮਾਮਲੇ ਤ੍ਰਿਪੁਰਾ ’ਚ ਸਾਹਮਣੇ ਆਏ ਅਤੇ ਇਸ ਤੋਂ ਬਾਅਦ ਹਿਮਾਚਲ ’ਚ 86 ਮਾਮਲੇ ਸਾਹਮਣੇ ਆਏ।
ਕੀ ਕਹਿਣਾ ਹੈ ਉੱਤਰਾਖੰਡ ਪੁਲਸ ਦਾ-
ਓਧਰ ਸੂਬੇ ਦੇ ਡਾਇਰੈਕਟਰ ਜਨਰਲ ਆਫ਼ ਪੁਲਸ ਅਸ਼ੋਕ ਕੁਮਾਰ ਨੇ ਕਿਹਾ ਕਿ ਸਾਡੇ ਵਿਭਾਗ ਦੀ ਪੁਲਸ ਪੀੜਤ-ਕੇਂਦਰਿਤ ਹੈ ਅਤੇ ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧ ਨਾਲ ਸਬੰਧਤ ਮਾਮਲਿਆਂ ਵਿਚ ਹਮੇਸ਼ਾ ਪੀੜਤਾਂ ਨੂੰ ਨਿਆਂ ਦਿਵਾਉਣ ’ਚ ਮਦਦ ਕਰਦੀ ਹੈ। ਉੱਤਰਾਖੰਡ ਲਈ ਇਹ ਅੰਕੜੇ ਇਸ ਲਈ ਸਭ ਤੋਂ ਜ਼ਿਆਦਾ ਹਨ, ਕਿਉਂਕਿ ਪੁਲਸ ਸਾਰੀਆਂ ਸ਼ਿਕਾਇਤਾਂ 'ਤੇ ਕੇਸ ਦਰਜ ਕਰਦੀ ਹੈ।