ਆਘਾੜੀ ਸਰਕਾਰ 5 ਸਾਲ ਪੂਰੇ ਕਰੇਗੀ : ਪਵਾਰ
Friday, Jun 26, 2020 - 08:37 PM (IST)
ਮੁੰਬਈ : ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਸ਼ਰਦ ਪਵਾਰ ਨੇ ਕਿਹਾ ਕਿ ਮਹਾਰਾਸ਼ਟਰ 'ਚ ਕੋਵਿਡ-19 ਖਿਲਾਫ ਸੱਤਾਧਾਰੀ ਮਹਾਵਿਕਾਸ ਆਘਾੜੀ (ਐੱਮ.ਵੀ.ਏ.) ਸਰਕਾਰ ਇੱਕਜੁਟ ਹੋ ਕੇ ਲੜ ਰਹੀ ਹੈ ਅਤੇ ਕਾਂਗਰਸ ਅਤੇ ਰਾਕਾਂਪਾ ਮੁੱਖ ਮੰਤਰੀ ਉਧਵ ਠਾਕਰੇ ਦੀ ਅਗਵਾਈ ਦਾ ਪੂਰਾ ਸਮਰਥਨ ਕਰਦੀ ਹੈ।
ਪਵਾਰ ਨੇ ਕਿਹਾ ਕਿ ਪਿਛਲੇ ਸਾਲ ਨਵੰਬਰ 'ਚ ਬਣੀ ਸ਼ਿਵ ਸੈਨਾ, ਰਾਕਾਂਪਾ ਅਤੇ ਕਾਂਗਰਸ ਗੱਠਜੋੜ ਸਰਕਾਰ ਯਕੀਨਨ 5 ਸਾਲ ਪੂਰੇ ਕਰੇਗੀ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਜੇਕਰ ਸੂਬੇ 'ਚ ਤਿੰਨੇ ਦਲ ਇਕੱਠੇ ਵਿਧਾਨ ਸਭਾ ਚੋਣ ਲੜਦੇ ਹਨ ਤਾਂ ਉਹ ਇੱਕ ਵਾਰ ਫਿਰ ਸਰਕਾਰ ਵੀ ਬਣਾਉਣਗੇ। ਸੀਨੀਅਰ ਨੇਤਾ ਨੇ ਮਹਾਵਿਕਾਸ ਆਘਾੜੀ (ਐੱਮ.ਵੀ.ਏ.) ਨੂੰ ਕੰਟਰੋਲ ਕਰਣ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ। ਗੱਠਜੋੜ ਸਰਕਾਰ 'ਚ ਉਨ੍ਹਾਂ ਦੀ ਪਾਰਟੀ ਕੋਲ ਦੂਜੇ ਨੰਬਰ 'ਤੇ ਸਭ ਤੋਂ ਜ਼ਿਆਦਾ ਸੀਟਾਂ ਹਨ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਮੁੰਬਈ ਸਮੇਤ ਸੂਬੇ ਦੇ ਕਈ ਹਿੱਸਿਆਂ 'ਚ ਕੋਵਿਡ-19 ਦੀ ਸਥਿਤੀ ਗੰਭੀਰ ਸੀ ਪਰ ਹੁਣ ਇਸ 'ਚ ਕਾਫ਼ੀ ਸੁਧਾਰ ਆਇਆ ਹੈ। ਪਵਾਰ ਨੇ ਕਿਹਾ ਕਿ ਪਾਰਟੀਆਂ 'ਚ ਕੋਈ ਮੱਤਭੇਦ ਨਹੀਂ ਹੈ। ਸਾਰੇ ਦਲ ਉਧਵ ਠਾਕਰੇ ਦੀ ਅਗਵਾਈ 'ਚ ਕੰਮ ਕਰ ਰਹੇ ਹਨ।