ਦੇਸ਼ ''ਚ ਖਤਮ ਹੋਣ ਦੇ ਕੰਢੇ ''ਤੇ ਨਕਸਲਵਾਦ : ਰਾਜਨਾਥ

Sunday, Mar 25, 2018 - 09:33 AM (IST)

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਦੇਸ਼ 'ਚ ਨਕਸਲਵਾਦ ਦੀ ਗੰਭੀਰ ਚੁਣੌਤੀ ਹੁਣ ਖਤਮ ਹੋਣ ਦੇ ਕੰਢੇ 'ਤੇ ਪਹੁੰਚ ਗਈ ਹੈ ਤੇ ਮਾਓਵਾਦੀ ਸੁਰੱਖਿਆ ਫੋਰਸਾਂ ਵਿਰੁੱਧ ਬੁਜ਼ਦਿਲਾਨਾ ਹਮਲੇ ਕਰ ਰਹੇ ਹਨ। ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੇ ਜਵਾਨ ਸਿਰਫ ਨਕਸਲੀਆਂ ਅਤੇ ਅੱਤਵਾਦੀਆਂ ਨਾਲ ਹੀ ਲੋਹਾ ਨਹੀਂ ਲੈਂਦੇ ਸਗੋਂ ਦੇਸ਼ 'ਚ ਚੋਣਾਂ ਵਰਗੀ ਲੋਕਰਾਜੀ ਪ੍ਰਕਿਰਿਆ ਨੂੰ ਵੀ ਸ਼ਾਂਤਮਈ ਢੰਗ ਨਾਲ ਸੰਪੰਨ ਕਰਵਾਉਣ 'ਚ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ। 
ਇਥੇ ਸੀ. ਆਰ. ਪੀ. ਐੱਫ. ਦੇ 79ਵੇਂ ਸਥਾਪਨਾ ਦਿਵਸ 'ਤੇ ਵਿਸ਼ਾਲ ਪਰੇਡ ਦੀ ਸਲਾਮੀ ਲੈਣ ਪਿੱਛੋਂ ਜਵਾਨਾਂ ਤੇ ਅਧਿਕਾਰੀਆਂ ਨੂੰ ਸੰਬੋਧਿਤ ਹੁੰਦਿਆਂ ਉਨ੍ਹਾਂ ਕਿਹਾ ਕਿ ਨਸਲਵਾਦ ਹੁਣ ਖਤਮ ਹੋਣ ਦੇ ਕੰਢੇ 'ਤੇ ਹੈ। ਫੋਰਸ ਦੀ ਭੂਮਿਕਾ ਬਹੁਪੱਖੀ ਹੈ। ਨਕਸਲੀਆਂ ਨਾਲ ਲੜਨਾ ਹੋਵੇ, ਅੱਤਵਾਦੀਆਂ ਨਾਲ ਲੋਹਾ ਲੈਣਾ ਹੋਵੇ ਜਾਂ ਸ਼ਾਂਤਮਈ ਢੰਗ ਨਾਲ ਚੋਣਾਂ ਕਰਵਾਉਣੀਆਂ ਹੋਣ, ਸਭ ਸੀ. ਆਰ. ਪੀ. ਐੱਫ. ਨੂੰ ਯਾਦ ਕਰਦੇ ਹਨ। ਸੰਵਿਧਾਨਕ ਪ੍ਰਕਿਰਿਆਵਾਂ ਦੀ ਰਾਖੀ ਕਰਨ ਲਈ ਵੀ ਸੀ. ਆਰ. ਪੀ. ਐੱਫ. ਵਲੋਂ ਯੋਗਦਾਨ ਪਾਇਆ ਜਾਂਦਾ ਹੈ। 
ਜਵਾਨਾਂ ਦੀ ਹਿੰਮਤ ਤੇ ਬਹਾਦਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਦੁਨੀਆ 'ਚ ਕੋਈ ਵੀ ਅਜਿਹੀ ਗੋਲੀ ਨਹੀਂ ਬਣੀ ਜੋ ਸਾਡੇ ਜਵਾਨਾਂ ਦਾ ਮਨੋਬਲ ਤੋੜ ਸਕੇ। 
ਜ਼ਿੰਦਗੀ ਦੇ ਨੁਕਸਾਨ ਦੀ ਪੂਰਤੀ ਕਿਸੇ ਤਰ੍ਹਾਂ ਵੀ ਨਹੀਂ ਕੀਤੀ ਜਾ ਸਕਦੀ ਹੈ, ਇਸ ਲਈ ਸਰਕਾਰ ਨੇ ਇਹ ਗੱਲ ਯਕੀਨੀ ਬਣਾਈ ਹੈ ਕਿ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਭ ਸੋਮਿਆਂ ਤੋਂ ਮਿਲਾ ਕੇ ਘੱਟੋ-ਘੱਟ 1 ਕਰੋੜ ਰੁਪਏ ਦੀ ਰਕਮ ਮਿਲੇ।


Related News