ਸਮੁੰਦਰੀ ਫੌਜ ਨੂੰ ਮਿਲਿਆ ਇਕ ਹੋਰ ਐਂਟੀ ਸਬਮੈਰੀਨ ਜੰਗੀ ਬੇੜਾ
Sunday, Sep 14, 2025 - 01:56 AM (IST)

ਕੋਲਕਾਤਾ (ਭਾਸ਼ਾ) - ਰੱਖਿਆ ਖੇਤਰ ਦੇ ਜਨਤਕ ਅਦਾਰੇ ‘ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਜ਼’ (ਜੀ. ਆਰ. ਐੱਸ. ਈ.) ਲਿਮਟਿਡ ਨੇ ਸ਼ਨੀਵਾਰ ਨੂੰ ਭਾਰਤੀ ਸਮੁੰਦਰੀ ਫੌਜ ਨੂੰ ਇਕ ਐਂਟੀ ਸਬਮੈਰੀਨ ਜੰਗੀ ਬੇੜਾ ਸੌਂਪਿਆ। ਇਹ ਦੇਸ਼ ਦੀ ਸਮੁੰਦਰੀ ਫੌਜ ਲਈ ਸ਼ਿਪਯਾਰਡ ਵੱਲੋਂ ਬਣਾਏ ਜਾ ਰਹੇ 8 ਅਜਿਹੇ ਬੇੜਿਆਂ ਦੀ ਲੜੀ ’ਚ ਦੂਜਾ ਬੇੜਾ ਹੈ।
ਜੀ. ਆਰ. ਐੱਸ. ਈ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ‘ਐਂਡਰੋਥ’ ਨਾਂ ਵਾਲੇ ਇਸ ਬੇੜੇ ਦੀ ਸਪਲਾਈ ਇਸ ਲੜੀ ਦੇ ਪਹਿਲੇ ਜੰਗੀ ਬੇੜੇ ਅਰਨਾਲਾ ਨੂੰ 18 ਜੂਨ ਨੂੰ ਸਮੁੰਦਰੀ ਫੌਜ ’ਚ ਸ਼ਾਮਲ ਕੀਤੇ ਜਾਣ ਤੋਂ ਠੀਕ 4 ਮਹੀਨੇ ਬਾਅਦ ਹੋਈ ਹੈ, ਜਿਸ ਨਾਲ ਭਾਰਤ ਦੀ ਸਮੁੰਦਰੀ ਸੁਰੱਖਿਆ ਮਜ਼ਬੂਤ ਹੋਈ ਹੈ। ਇਸ ਜੰਗੀ ਬੇੜੇ ’ਤੇ ਸਵਦੇਸ਼ੀ 30 ਮਿ. ਮੀ. ਨੇਵਲ ਸਰਫੇਸ ਗੰਨ ਲਾਈ ਗਈ ਹੈ। ਇਹ ਨਿਗਰਾਨੀ ਕਰਨ ਦੇ ਨਾਲ-ਨਾਲ ਖੋਜ ਅਤੇ ਹਮਲੇ ’ਚ ਵੀ ਸਮਰੱਥ ਹੈ। ਜਹਾਜ਼ਾਂ ਦੇ ਨਾਲ ਲੜੀਬੱਧ ਐਂਟੀ ਸਬਮੈਰੀਨ ਆਪ੍ਰੇਸ਼ਨ ਚਲਾਉਣ ’ਚ ਸਮਰੱਥ ਇਨ੍ਹਾਂ ਬੇੜਿਆਂ ’ਚ ਜੰਗ ਪ੍ਰਬੰਧਨ ਪ੍ਰਣਾਲੀਆਂ ਲੱਗੀਆਂ ਹਨ ਅਤੇ ਇਹ ਹਲਕੇ ਟਾਰਪੀਡੋ ਦੇ ਨਾਲ-ਨਾਲ ਐਂਟੀ ਸਬਮੈਰੀਨ ਜੰਗੀ ਰਾਕੇਟਾਂ ਨਾਲ ਵੀ ਲੈਸ ਹੋਣਗੇ।