ਨਰਾਤਿਆਂ 'ਚ ਆਲੂ ਖਾਣਾ ਪਵੇਗਾ ਮਹਿੰਗਾ, ਵਧੇ ਭਾਅ

Wednesday, Oct 07, 2020 - 09:40 AM (IST)

ਨਰਾਤਿਆਂ 'ਚ ਆਲੂ ਖਾਣਾ ਪਵੇਗਾ ਮਹਿੰਗਾ, ਵਧੇ ਭਾਅ

ਨਵੀਂ ਦਿੱਲੀ (ਇੰਟ.) : ਇਸ ਸਾਲ ਨਰਾਤਿਆਂ 'ਚ ਤੁਹਾਨੂੰ ਆਲੂ ਖਾਣਾ ਮਹਿੰਗਾ ਪੈ ਸਕਦਾ ਹੈ। ਦਰਅਸਲ ਮੰਡੀ 'ਚ 30 ਰੁਪਏ ਕਿਲੋ ਮਿਲਣ ਵਾਲੇ ਆਲੂ ਦੀ ਕੀਮਤ 45 ਤੋਂ 50 ਰੁਪਏ ਤੱਕ ਪਹੁੰਚ ਗਈ ਹੈ। ਨਰਾਤਿਆਂ ਕਾਰਣ ਰੇਟ 'ਚ ਅੱਗੇ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਆਲੂ ਦੇ ਰੇਟ 'ਚ ਵਾਧੇ ਦਾ ਮੁੱਖ ਕਾਰਣ ਸਪਲਾਈ ਦੀ ਘਾਟ ਹੈ। ਰਾਜਧਾਨੀ ਦਿੱਲੀ ਸਥਿਤ ਆਜ਼ਾਦਪੁਰ ਮੰਡੀ 'ਚ ਬੀਤੇ ਕੁਝ ਦਿਨਾਂ ਤੋਂ ਆਲੂ ਦਾ ਥੋਕ ਰੇਟ 25 ਤੋਂ 30 ਰੁਪਏ ਪ੍ਰਤੀ ਕਿਲੋ ਚੱਲ ਰਿਹਾ ਹੈ। ਉਥੇ ਹੀ ਖਾਸ ਕੁਆਲਿਟੀ ਦੇ ਆਲੂ ਦਾ ਪ੍ਰਚੂਨ ਰੇਟ 60 ਤੱਕ ਵੀ ਹੈ।

ਆਜ਼ਾਦਪੁਰ ਮੰਡੀ ਪੋਟੈਟੋ ਅਨੀਅਨ ਮਰਚੈਂਟ ਐਸੋਸੀਏਸ਼ਨ ਯਾਨੀ ਪੋਮਾ ਦੇ ਜਨਰਲ ਸੈਕਟਰੀ ਰਾਜੇਂਦਰ ਸ਼ਰਮਾ ਨੇ ਕਿਹਾ ਕਿ ਨਰਾਤਿਆਂ ਦੌਰਾਨ ਵਰਤ 'ਚ ਲੋਕ ਆਲੂ ਖਾਂਦੇ ਹਨ, ਜਿਸ ਨਾਲ ਆਲੂ ਦੀ ਖਪਤ ਇਸ ਦੌਰਾਨ ਵਧ ਜਾਂਦੀ ਹੈ। ਨਰਾਤੇ ਇਸ ਸਾਲ 17 ਅਕਤੂਬਰ ਤੋਂ ਸ਼ੁਰੂ ਹੋ ਰਹੇ ਹਨ ਅਤੇ 25 ਅਕਤੂਬਰ ਨੂੰ ਦੁਸ਼ਹਿਰੇ ਦਾ ਤਿਓਹਾਰ ਹੈ, ਜਿਸ ਦੇ ਨਾਲ ਹੀ ਨਰਾਤੇ ਖਤਮ ਹੋ ਜਾਣਗੇ। ਇਸ ਦੌਰਾਨ ਆਲੂ ਦੀ ਕੀਮਤ 'ਚ ਵਾਧਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਆਲੂ ਦੀ ਮਹਿੰਗਾਈ ਦੇਖ ਕੇ ਚੰਗੇ ਭਾਅ ਦੀਆਂ ਉਮੀਦਾਂ 'ਚ ਕਿਸਾਨਾਂ ਨੇ ਆਲੂ ਦੀ ਖੇਤੀ 'ਚ ਪੂਰੀ ਤਾਕਤ ਲਾਈ ਹੈ। ਉੱਤਰ-ਭਾਰਤ 'ਚ ਆਲੂ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ।

ਪਿਛਲੇ ਸਾਲ ਦੇ ਮੁਕਾਬਲੇ 50 ਫੀਸਦੀ ਘੱਟ ਸਪਲਾਈ
ਆਜ਼ਾਦਪੁਰ ਮੰਡੀ ਦੇ ਕਾਰੋਬਾਰੀ ਦੱਸਦੇ ਹਨ ਕਿ ਆਲੂ ਦੀ ਸਪਲਾਈ ਪਿਛਲੇ ਸਾਲ ਤੋਂ ਲਗਭਗ 50 ਫੀਸਦੀ ਘੱਟ ਹੋ ਰਹੀ ਹੈ। ਉਥੇ ਹੀ ਕੀਮਤਾਂ 'ਚ ਪਿਛਲੇ ਸਾਲ ਤੋਂ ਦੁੱਗਣੇ ਤੋਂ ਜ਼ਿਆਦਾ ਵਾਧਾ ਹੋ ਗਿਆ ਹੈ। ਦੱਸ ਦਈਏ ਕਿ ਇਸ ਸਾਲ ਕੋਰੋਨਾ ਵਾਇਰਸ ਮਹਾਮਾਰੀ, ਮੀਂਹ ਅਤੇ ਫਿਰ ਹੜ੍ਹ ਕਾਰਣ ਬਿਜਾਈ ਅਤੇ ਸਪਲਾਈ ਦੋਵੇਂ ਹੀ ਪ੍ਰਭਾਵਿਤ ਹੋਈਆਂ ਹਨ।

ਟਮਾਟਰ ਦੀ ਕੀਮਤ 'ਚ ਨਰਮੀ
ਆਲੂ ਦੇ ਨਾਲ-ਨਾਲ ਪਿਆਜ਼ ਵੀ ਮਹਿੰਗਾ ਹੋਇਆ ਹੈ। ਪਿਆਜ਼ ਦੀ ਕੀਮਤ ਇਸ ਸਮੇਂ ਪ੍ਰਚੂਨ 'ਚ 60 ਰੁਪਏ ਪ੍ਰਤੀ ਕਿਲੋ ਹੈ। ਉਥੇ ਹੀ ਥੋਕ 'ਚ ਇਸ ਦੀ ਕੀਮਤ 20-25 ਰੁਪਏ ਹੈ। ਉਥੇ ਹੀ ਟਮਾਟਰ ਦੀ ਗੱਲ ਕੀਤੀ ਜਾਏ ਤਾਂ ਟਮਾਟਰ ਦੀਆਂ ਕੀਮਤਾਂ 'ਚ ਨਰਮੀ ਦੇਖਣ ਨੂੰ ਮਿਲੀ ਹੈ। 80 ਰੁਪਏ ਤੱਕ ਮਿਲਣ ਵਾਲਾ ਟਮਾਟਰ ਇਸ ਸਮੇਂ 40-50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ।


author

cherry

Content Editor

Related News