ਹਨੂੰਮਾਨ ਚਾਲੀਸਾ ਪਾਠ ਵਿਵਾਦ: ਨਵਨੀਤ ਰਾਣਾ ਅਤੇ ਪਤੀ ਰਵੀ 14 ਦਿਨ ਦੀ ਨਿਆਂਇਕ ਹਿਰਾਸਤ ’ਚ
Sunday, Apr 24, 2022 - 04:14 PM (IST)
ਮੁੰਬਈ (ਭਾਸ਼ਾ)– ਇੱਥੋਂ ਦੀ ਇਕ ਅਦਾਲਤ ਨੇ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਵਿਧਾਇਕ ਪਤੀ ਰਵੀ ਰਾਣਾ ਨੂੰ ਮੁੰਬਈ ਪੁਲਸ ਦੀ ਹਿਰਾਸਤ ’ਚ ਭੇਜਣ ਦੀ ਮੰਗ ਨੂੰ ਖਾਰਜ ਕਰਦੇ ਹੋਏ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਨਵਨੀਤ ਰਾਣਾ ਨੂੰ ਭਾਯਖਲਾ ਮਹਿਲਾ ਜੇਲ੍ਹ ’ਚ ਭੇਜਿਆ ਜਾਵੇਗਾ, ਜਦਕਿ ਉਨ੍ਹਾਂ ਦੇ ਪਤੀ ਨੂੰ ਆਰਥਰ ਰੋਡ ਜੇਲ੍ਹ ਭੇਜਿਆ ਜਾਵੇਗਾ। ਮੁੰਬਈ ਪੁਲਸ ਨੇ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਆਜ਼ਾਦ ਲੋਕ ਸਭਾ ਮੈਂਬਰ ਨਵਨੀਤ ਰਾਣਾ ਅਤੇ ਬਡਨੇਰਾ ਤੋਂ ਵਿਧਾਇਕ ਉਨ੍ਹਾਂ ਦੇ ਪਤੀ ਰਵੀ ਰਾਣਾ ਨੂੰ ਵੱਖ-ਵੱਖ ਸਮੂਹਾਂ ’ਚ ਦੁਸ਼ਮਣੀ ਪੈਦਾ ਕਰਨ ਦੇ ਮਾਮਲੇ ’ਚ ਸ਼ਨੀਵਾਰ ਸ਼ਾਮ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਰਾਣਾ ਜੋੜੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਨਿੱਜੀ ਰਿਹਾਇਸ਼ ਦੇ ਬਾਹਰ ਹਨੂੰਮਾਨ ਚਾਲੀਸਾ ਪੜ੍ਹਨ ਦੀ ਆਪਣੀ ਯੋਜਨਾ ਨੂੰ ਰੱਦ ਕਰ ਦਿੱਤਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ’ਤੇ ਭਾਰਤੀ ਸਜ਼ਾ ਜ਼ਾਬਤਾ ਦੀਆਂ ਧਾਰਾਵਾਂ 153 (ਏ) ਅਤੇ 353 ਅਤੇ ਮੁੰਬਈ ਪੁਲਸ ਐਕਟ ਦੀ ਧਾਰਾ 135 ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਸਰਕਾਰੀ ਵਕੀਲ ਪ੍ਰਦੀਪ ਘਰਤ ਨੇ ਦੱਸਿਆ ਕਿ ਦੋਹਾਂ ਨੂੰ ਐਤਵਾਰ ਨੂੰ ਬਾਂਦਰਾ ਦੀ ਇਕ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਉਨ੍ਹਾਂ ਨੇ ਕਿਹਾ, ‘‘ਉਨ੍ਹਾਂ ਖ਼ਿਲਾਫ ਆਈ. ਪੀ. ਸੀ. ਦੀ ਧਾਰਾ 124-ਏ (ਰਾਜਧਰੋਹ) ਤਹਿਤ ਵੀ ਦੋਸ਼ ਹਨ ਕਿਉਂਕਿ ਉਨ੍ਹਾਂ ਦੇ ਸਰਕਾਰੀ ਤੰਤਰ ਨੂੰ ਚੁਣੌਤੀ ਦਿੱਤੀ ਸੀ ਅਤੇ ਮੁੱਖ ਮੰਤਰੀ ਊਧਵ ਠਾਕਰੇ ਖ਼ਿਲਾਫ ਟਿੱਪਣੀਆਂ ਕੀਤੀਆਂ ਸਨ। ਘਰਤ ਨੇ ਕਿਹਾ ਕਿ ਅਦਾਲਤ ਰਾਣਾ ਜੋੜੇ ਦੀ ਜ਼ਮਾਨਤ ਅਰਜ਼ੀ ’ਤੇ 29 ਅਪ੍ਰੈਲ ਨੂੰ ਸੁਣਵਾਈ ਕਰੇਗੀ। ਜੋੜੇ ਵਲੋਂ ਵਕੀਲ ਰਿਜ਼ਵਾਨ ਮਰਚੈਂਟ ਨੇ ਦੱਸਿਆ ਦੋਹਾਂ ਖਿਲਾਫ ਖਾਰ ਥਾਣੇ ’ਚ ਦੋ ਵੱਖ-ਵੱਖ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ। ਸਾਰੇ ਦੋਸ਼ ਨਿਰਾਧਾਰ ਹਨ ਅਤੇ ਅਸੀਂ ਜ਼ਮਾਨਤ ਲਈ ਬੇਨਤੀ ਕਰਾਂਗੇ।