ਓਡੀਸ਼ਾ ਨੂੰ ਮਿਲੇ ''ਵਿਸ਼ੇਸ਼ ਸੂਬੇ'' ਦਾ ਦਰਜਾ: CM ਨਵੀਨ
05/12/2019 1:14:51 PM
ਭੁਵਨੇਸ਼ਵਰ—ਲਗਭਗ ਹਰ ਸਾਲ ਕੁਦਰਤੀ ਆਫਤ ਦਾ ਕਹਿਰ ਝੱਲ ਰਹੇ ਓਡੀਸ਼ਾ ਦੇ ਲਈ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕੇਂਦਰ ਸਰਕਾਰ ਨੂੰ 'ਵਿਸ਼ੇਸ਼ ਸੂਬੇ' ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਹੈ। 3 ਮਈ ਨੂੰ ਆਏ ਵਿਨਾਸ਼ਕਾਰੀ ਚੱਕਰਵਰਤੀ ਤੂਫਾਨ ਫੋਨੀ ਦੇ ਓਡੀਸ਼ਾ 'ਚ ਤਬਾਹੀ ਮਚਾਉਣ ਤੋਂ ਬਾਅਦ ਆਪਣੇ ਪਹਿਲੇ ਇੰਟਰਵਿਊ 'ਚ ਪਟਨਾਇਕ ਨੇ ਕਿਹਾ ਹੈ ਕਿ ਓਡੀਸ਼ਾ ਦੇ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਨੂੰ ਦੇਖਦੇ ਹੋਏ ਇਸ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਮਿਲਣਾ ਜ਼ਰੂਰੀ ਹੈ।
ਉਨ੍ਹਾਂ ਨੇ ਕਿਹਾ ਹੈ, ''ਕੇਂਦਰ ਸਰਕਾਰ ਤੋਂ ਇਹ ਸਾਡੀ ਮੁੱਖ ਮੰਗਾਂ 'ਚੋਂ ਇੱਕ ਹੈ। ਓਡੀਸ਼ਾ ਨੂੰ ਹੁਣ ਲਗਭਗ ਹਰ ਸਾਲ ਕੁਦਰਤ ਦੇ ਕਹਿਰ ਨੂੰ ਝੱਲਣਾ ਪੈ ਰਿਹਾ ਹੈ। ਕੇਂਦਰ ਤੋਂ ਮਿਲਣ ਵਾਲੀ ਮਦਦ ਤੋਂ ਬੁਨਿਆਦੀ ਢਾਂਚਾ ਅਸਥਾਈ ਤੌਰ 'ਤੇ ਬਹਾਲ ਹੋ ਸਕਦਾ ਹੈ। ਸਾਨੂੰ ਲੰਬੇ ਮਿਆਦ ਦੇ ਕੰਮਾਂ ਲਈ ਸੂਬੇ ਦੇ ਆਪਣੇ ਖਜ਼ਾਨੇ 'ਚੋਂ ਖਰਚਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਹੈ, '' ਆਪਣੇ ਖਜ਼ਾਨੇ 'ਚੋਂ ਖਰਚ ਕਰਨ 'ਤੇ ਸਾਡੀ ਅਰਥ ਵਿਵਸਥਾ 'ਤੇ ਡੂੰਘਾ ਦਬਾਅ ਪੈਂਦਾ ਹੈ। ਇਸ ਕਾਰਨ ਓਡੀਸ਼ਾ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਮਿਲਣਾ ਚਾਹੀਦਾ ਹੈ। ਪਿਛਲੇ 5 ਸਾਲ 'ਚ ਅਸੀਂ ਫੈਲਿਨ, ਹੁੱਡਹੁਡ, ਤਿਤਲੀ ਅਤੇ ਹੁਣ ਫੋਨੀ ਤੂਫਾਨ ਦਾ ਸਾਹਮਣਾ ਕਰਨਾ ਪਿਆ ਹੈ। ਹੜ੍ਹਾਂ ਦੀ ਗਾਜ ਵੀ ਸੂਬੇ 'ਤੇ ਡਿੱਗੀ।
ਪਹਿਲੀ ਵਾਰ ਸਾਲ 2000 'ਚ ਮੁੱਖ ਮੰਤਰੀ ਬਣੇ ਅਤੇ ਹੁਣ ਵਾਰ ਲਗਾਤਾਰ 5ਵੇਂ ਕਾਰਜਕਾਲ 'ਤੇ ਨਜ਼ਰਾਂ ਟਿਕਾਈ ਪਟਨਾਇਕ ਨੇ ਕਿਹਾ, '' ਸਾਡੇ ਵਿਕਾਸ ਦੀ ਦਰ ਬਹੁਤ ਵਧੀਆਂ ਰਹੀ ਹੈ ਅਤੇ ਸਮਾਜਿਕ ਆਰਥਿਕ ਇੰਡੈਕਸ 'ਤੇ ਅਸੀਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਵਿਸ਼ੇਸ਼ ਸੂਬੇ ਦਾ ਦਰਜਾ ਮਿਲਣ ਤੋਂ ਸੂਬੇ ਦੇ ਵਿਕਾਸ ਦੀ ਗਤੀ ਵੱਧੇਗੀ।''
ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਸੂਬੇ ਦਾ ਦਰਜਾ ਮਿਲਣ ਨਾਲ ਕਈ ਮੁਸ਼ਕਿਲਾਂ ਦੂਰ ਹੋ ਜਾਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਡੀਸ਼ਾ ਲਈ 1 ਹਜ਼ਾਰ ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਕਰਨ ਤੋਂ ਬਾਅਦ ਸਮੇਂ 'ਤੇ ਕਾਰਵਾਈ ਕਰਕੇ ਲੋਕਾਂ ਦੀ ਜਾਨ ਬਚਾਉਣ ਲਈ ਪਟਨਾਇਕ ਸਰਕਾਰ ਦਾ ਤਾਰੀਫ ਕੀਤੀ ਸੀ। ਫੋਨੀ ਕਾਰਨ 41 ਲੋਕਾਂ ਦੀ ਮੌਤ ਹੋਈ ਹੈ। ਇਸ 'ਤੇ ਮੁੱਖ ਮੰਤਰੀ ਨੇ ਕਿਹਾ, ''ਇਹ ਟੀਮ ਵਰਕ ਹੈ ਅਤੇ ਬਹੁਤ ਵੱਡੇ ਪੱਧਰ 'ਤੇ ਕਦਮ ਚੁੱਕਣ ਲਈ ਤਕਨੀਕ ਨੇ ਸਾਡੀ ਕਾਫੀ ਮਦਦ ਕੀਤੀ ਹੈ। ਮੈਂ ਸਾਰਿਆਂ ਨੂੰ ਖਾਸਕਰ ਕੇ ਸੂਬਾ ਵਾਸੀਆਂ ਨੂੰ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕਰਦਾ ਹਾਂ।''
ਮੁੱਖ ਮੰਤਰੀ ਨੇ ਇਹ ਗੱਲ ਸਵੀਕਾਰ ਕਰਦਿਆਂ ਕਿਹਾ ਕਿ ਤੂਫਾਨ ਦੀ ਟਾਈਮਿੰਗ ਅਤੇ ਆਮ ਚੋਣਾਂ ਹੋਣ ਕਾਰਨ ਸਰਕਾਰ ਲਈ ਚੁਣੌਤੀਆਂ ਹੋਰ ਗੰਭੀਰ ਹੋ ਗਈਆਂ ਸੀ। ਉਨ੍ਹਾਂ ਨੇ ਕਿਹਾ, '' ਸਾਰਾ ਕੁਝ ਇੱਕਠਾ ਹੋਣ ਕਾਰਨ ਮੁਸ਼ਕਿਲਾਂ ਕਾਫੀ ਵੱਧ ਗਈਆਂ। ਗਰਮੀ ਦੇ ਦਿਨਾਂ 'ਚ ਆਮ ਤੌਰ 'ਤੇ ਤੂਫਾਨ ਨਹੀਂ ਆਉਂਦਾ ਹੈ। ਓਡੀਸ਼ਾ 'ਚ ਜ਼ਿਆਦਾਤਰ ਚੱਕਰਵਰਤੀ ਤੂਫਾਨ ਅਕਤੂਬਰ ਤੋਂ ਦਸੰਬਰ ਦੌਰਾਨ ਹੀ ਆਏ ਹਨ। ਹੁਣ ਓਡੀਸ਼ਾ ਨੂੰ ਦੋਬਾਰਾ ਆਪਣੇ ਪੈਰਾ 'ਤੇ ਖੜ੍ਹਾ ਕਰਨ ਲਈ ਸਰਕਾਰ ਜਲਦੀ ਤੋਂ ਜਲਦੀ ਕੰਮ ਨੂੰ ਪੂਰਾ ਕਰੇਗੀ।