ਨੌਦੀਪ ਕੌਰ ਨੂੰ ਤੀਜੇ ਮਾਮਲੇ 'ਚ ਵੀ ਮਿਲੀ ਜ਼ਮਾਨਤ, ਅੱਜ ਹੋ ਸਕਦੀ ਹੈ ਰਿਹਾਅ

Friday, Feb 26, 2021 - 11:49 AM (IST)

ਨੌਦੀਪ ਕੌਰ ਨੂੰ ਤੀਜੇ ਮਾਮਲੇ 'ਚ ਵੀ ਮਿਲੀ ਜ਼ਮਾਨਤ, ਅੱਜ ਹੋ ਸਕਦੀ ਹੈ ਰਿਹਾਅ

ਹਰਿਆਣਾ- ਮਜ਼ਦੂਰ ਅਧਿਕਾਰ ਵਰਕਰ ਨੌਦੀਪ ਕੌਰ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਨੌਦੀਪ ਨੂੰ 2 ਮਾਮਲਿਆਂ 'ਚ ਪਹਿਲਾਂ ਹੀ ਜ਼ਮਾਨਤ ਚੁੱਕੀ ਹੈ। ਅੱਜ ਹਾਈ ਕੋਰਟ ਨੇ ਉਸ ਵਿਰੁੱਧ ਦਰਜ ਤੀਜੀ ਐੱਫ.ਆਈ.ਆਰ. 'ਚ ਵੀ ਜ਼ਮਾਨਤ ਦੇ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਮੁਚਲਕਾ ਭਰ ਕੇ ਨੌਦੀਪ ਨੂੰ ਰਿਹਾਅ ਕਰਵਾਉਣਗੇ।

ਹਰਿਆਣਾ ਦੇ ਸੋਨੀਪਤ ਜ਼ਿਲ੍ਹੇ 'ਚ 12 ਜਨਵਰੀ ਨੂੰ ਇਕ ਉਦਯੋਗਿਕ ਇਕਾਈ ਦਾ ਘਿਰਾਓ ਕਰਨ ਤੋਂ ਬਾਅਦ ਨੌਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕੌਰ (23) ਨੇ ਆਪਣੀ ਪਟੀਸ਼ਨ 'ਚ ਦਾਅਵਾ ਕੀਤਾ ਹੈ ਕਿ ਪਿਛਲੇ ਮਹੀਨੇ ਸੋਨੀਪਤ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਥਾਣੇ 'ਚ ਕਈ ਵਾਰ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਆਪਣੀ ਪਟੀਸ਼ਨ 'ਚ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ ਅਤੇ ਭਾਰਤੀ ਸਜ਼ਾ ਕੋਡ (ਆਈ.ਪੀ.ਸੀ.) ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਸਮੇਤ ਵੱਖ-ਵੱਖ ਧਾਰਾਵਾਂ ਦੇ ਅਧੀਨ ਸ਼ਿਕਾਇਤ 'ਚ ਦੋਸ਼ੀ ਬਣਾਇਆ ਗਿਆ। 

ਮਜ਼ਦੂਰ ਅਧਿਕਾਰ ਵਰਕਰ ਨੇ ਦਾਅਵਾ ਕੀਤਾ ਕਿ ਮਾਮਲੇ 'ਚ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਗਲਤ ਤਰੀਕੇ ਨਾਲ ਫਸਾਇਆ ਗਿਆ, ਕਿਉਂਕਿ ਉਹ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਭਾਰੀ ਸਮਰਥਨ ਜੁਟਾਉਣ 'ਚ ਕਾਮਯਾਬ ਰਹੀ ਸੀ। ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੀ ਵਾਸੀ ਨੌਦੀਪ ਫ਼ਿਲਹਾਲ ਹਰਿਆਣਾ ਦੀ ਕਰਨਾਲ ਜੇਲ੍ਹ 'ਚ ਬੰਦ ਹੈ।


author

DIsha

Content Editor

Related News