ਹਿਮਾਚਲ ਪ੍ਰਦੇਸ਼ ’ਚ ਜ਼ਮੀਨ ਖਿੱਸਕਣ ਕਾਰਨ ਨੈਸ਼ਨਲ ਹਾਈਵੇਅ ਹੋਇਆ ਬੰਦ

Monday, Sep 06, 2021 - 03:48 PM (IST)

ਹਿਮਾਚਲ ਪ੍ਰਦੇਸ਼ ’ਚ ਜ਼ਮੀਨ ਖਿੱਸਕਣ ਕਾਰਨ ਨੈਸ਼ਨਲ ਹਾਈਵੇਅ ਹੋਇਆ ਬੰਦ

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ’ਚ ਭਾਰੀ ਜ਼ਮੀਨ ਖਿੱਸਕਣ ਕਾਰਨ ਹਿੰਦੁਸਤਾਨ-ਤਿੱਬਤ ਰਾਸ਼ਟਰੀ ਰਾਜਮਾਰਗ-5 ਰੁਕ ਗਿਆ, ਜਿਸ ਨਾਲ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਗਈ। ਕਿੰਨੌਰ ਤੋਂ ਬਾਅਦ ਹੁਣ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਦੇ ਜਿਓਰੀ ’ਚ ਜ਼ਮੀਨ ਖਿੱਸਕਣ ਹੋਇਆ ਹੈ। ਸੋਮਵਾਰ ਸਵੇਰੇ ਕਰੀਬ 9 ਵਜੇ ਰਾਮਪੁਰ ਦੇ ਜਿਓਰੀ ’ਚ ਜ਼ਮੀਨ ਖਿੱਸਕਣ ਕਾਰਨ ਸੜਕ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਜਿਸ ਕਾਰਨ ਜ਼ਿਲ੍ਹਾ ਕਿੰਨੌਰ ਜਾਣ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਰਾਹਤ ਦੀ ਖ਼ਬਰ ਇਹ ਸੀ ਕਿ ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਕਿਉਂਕਿ ਉਥੇ ਪਹਿਲਾਂ ਤੋਂ ਪੁਲਸ ਜਵਾਨਾਂ ਨੂੰ ਤਾਇਨਾਤ ਕਰ ਰੱਖਿਆ ਸੀ। ਇਸ ਜਗ੍ਹਾ ਪਿਛਲੇ 2 ਦਿਨਾਂ ਤੋਂ ਵਾਰ-ਵਾਰ ਪੱਥਰ ਡਿੱਗ ਰਹੇ ਸਨ, ਜਿਸ ਕਾਰਨ ਚੌਕਸੀ ਵਜੋਂ ਪੁਲਸ ਦੀ ਡਿਊਟੀ ਲਗਾਈ ਗਈ ਸੀ। 

 

ਪਹਾੜੀ ਤੋਂ ਇੰਨਾ ਮਲਬਾ ਅਤੇ ਪੱਥਰ ਡਿੱਗੇ ਹਨ ਕਿ ਸੜਕ ਨੂੰ ਬਹਾਲ ਕਰਨ ’ਚ ਵਿਭਾਗ ਨੂੰ ਵੀ ਪਸੀਨਾ ਵਹਾਉਣਾ ਪੈ ਰਿਹਾ ਹੈ। ਹਾਲਾਂਕਿ ਇਸ ਲਈ ਮਸ਼ੀਨਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਪ੍ਰਦੇਸ਼ ’ਚ ਜਗ੍ਹਾ-ਜਗ੍ਹਾ ਮੀਂਹ ਪੈ ਰਿਹਾ ਹੈ। ਕਾਂਗੜਾ ਜ਼ਿਲ੍ਹੇ ਦੀ ਧਰਮਸ਼ਾਲਾ ’ਚ 23.8 ਮਿਲੀਮੀਟਰ, ਬੀਬੀਐਮਬੀ ਬਿਲਾਸਪੁਰ ’ਚ 23.8, ਸੋਲਨ ਜ਼ਿਲ੍ਹੇ ਦੇ ਨਾਲਾਗੜ੍ਹ ’ਚ 11 ਮਿਲੀਮੀਟਰ ਰਿਕਾਰਡ ਕੀਤਾ ਗਿਆ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਸੂਬੇ ਦੇ ਹਮੀਰਪੁਰ, ਬਿਲਾਸਪੁਰ, ਚੰਬਾ, ਕਾਂਗੜਾ, ਸ਼ਿਮਲਾ, ਸੋਲਨ ਅਤੇ ਸਿਰਮੌਰ ’ਚ 7 ​​ਤੋਂ 9 ਸਤੰਬਰ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ ਉੱਚੀਆਂ ਚੋਟੀਆਂ 'ਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਲੋਕਾਂ ਖਾਸ ਕਰਕੇ ਸੈਲਾਨੀਆਂ ਨੂੰ ਚਿਤਾਵਨੀ ਜਾਰੀ ਕੀਤੀ ਹੈ ਕਿ ਉਹ ਗੱਡੀ ਚਲਾਉਂਦੇ ਸਮੇਂ ਸਾਵਧਾਨ ਰਹਿਣ ਅਤੇ ਹਾਦਸੇ ਵਾਲੇ ਅਤੇ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਤਾਂ ਜੋ ਕਿਸੇ ਅਣਹੋਣੀ ਤੋਂ ਬਚਿਆ ਜਾ ਸਕੇ। ਕੇਲਾਂਗ ’ਚ ਘੱਟੋ ਘੱਟ ਤਾਪਮਾਨ 10.7 ਡਿਗਰੀ ਅਤੇ ਸ਼ਿਮਲਾ ’ਚ ਵੱਧ ਤੋਂ ਵੱਧ ਤਾਪਮਾਨ 24.4, ਸੁੰਦਰਨਗਰ 31.9, ਭੁੰਤਰ 34.8, ਕਲਪਾ 25.0, ਧਰਮਸ਼ਾਲਾ 28.8, ਊਨਾ 35.4, ਸੋਲਨ 30.5, ਕਾਂਗੜਾ 32.2, ਬਿਲਾਸਪੁਰ 33.0, ਹਮੀਰਪੁਰ 31.8, ਚੰਬਾ 31.9, ਡਲਹੌਜ਼ੀ 21.4 ਅਤੇ ਕੇਲਾਂਗ ’ਚ 25.7 ਡਿਗਰੀ ਸੈਲਸੀਅਸ ਰਿਹਾ।

PunjabKesari


author

DIsha

Content Editor

Related News