ਨਰੇਸ਼ ਗੁਜਰਾਲ ਰਾਜ ਸਭਾ ਦੇ ਡਿਪਟੀ ਚੇਅਰਮੈਨ ਹੋਣਗੇ?

Sunday, Apr 08, 2018 - 10:45 AM (IST)

ਨਰੇਸ਼ ਗੁਜਰਾਲ ਰਾਜ ਸਭਾ ਦੇ ਡਿਪਟੀ ਚੇਅਰਮੈਨ ਹੋਣਗੇ?

ਨੈਸ਼ਨਲ ਡੈਸਕ— ਕਾਂਗਰਸ ਦੇ ਪੀ. ਜੇ. ਕੁਰੀਅਨ ਵਲੋਂ ਇਸ ਸਾਲ 2 ਜੁਲਾਈ ਨੂੰ ਰਾਜ ਸਭਾ ਦੇ ਡਿਪਟੀ ਚੇਅਰਮੈਨ ਵਜੋਂ 12 ਸਾਲ ਤਕ ਸੇਵਾ ਨਿਭਾਉਣ ਪਿੱਛੋਂ ਸੇਵਾ-ਮੁਕਤ ਹੋਣ ਤੋਂ ਪਹਿਲਾਂ ਹੀ ਇਸ ਅਹੁਦੇ ਲਈ ਕਈ ਨਾਵਾਂ ਦੀ ਚਰਚਾ ਚੱਲ ਰਹੀ ਹੈ। ਭਾਜਪਾ ਦੇ ਇਸ ਸਮੇਂ ਰਾਜ ਸਭਾ 'ਚ 67 ਮੈਂਬਰ ਹਨ। 
245 ਮੈਂਬਰੀ ਹਾਊਸ ਵਿਚ ਭਾਜਪਾ ਕੋਲ ਵਰਕਿੰਗ ਬਹੁਮਤ ਹੈ ਅਤੇ ਉਹ ਆਪਣਾ ਡਿਪਟੀ ਚੇਅਰਮੈਨ ਚੁਣ ਸਕਦੀ ਹੈ। ਭਾਜਪਾ ਆਪਣੀ ਕਿਸੇ ਸਹਿਯੋਗੀ ਪਾਰਟੀ ਨੂੰ ਵੀ ਇਹ ਅਹੁਦਾ ਦੇ ਸਕਦੀ ਹੈ। ਮੀਡੀਆ ਦੇ ਇਕ ਹਿੱਸੇ ਵਿਚ ਇਹ ਖਬਰ ਆਈ ਸੀ ਕਿ ਸ਼ਿਵ ਸੈਨਾ ਦੇ ਸੰਜੇ ਰਾਊਤ ਨੂੰ ਰਾਜ ਸਭਾ ਦਾ ਡਿਪਟੀ ਚੇਅਰਮੈਨ ਬਣਾਇਆ ਜਾ ਸਕਦਾ ਹੈ ਪਰ ਸ਼ਿਵ ਸੈਨਾ ਦੇ ਸਬੰਧ ਅੱਜਕਲ ਭਾਜਪਾ ਨਾਲ ਸੁਖਾਵੇਂ ਨਹੀਂ ਹਨ, ਇਸ ਲਈ ਭਾਜਪਾ ਸ਼ਿਵ ਸੈਨਾ ਦੇ ਕਿਸੇ ਆਗੂ ਨੂੰ ਇਹ ਅਹੁਦਾ ਨਹੀਂ ਦੇਵੇਗੀ। ਭਾਜਪਾ ਤ੍ਰਿਣਮੂਲ ਕਾਂਗਰਸ ਦੇ ਸੁਖੇਂਦੂ ਸ਼ੇਖਰ ਰਾਏ ਨੂੰ ਇਹ ਅਹੁਦਾ ਦੇ ਸਕਦੀ ਹੈ, ਜੋ ਪੱਛਮੀ ਬੰਗਾਲ ਦੇ ਇਕ ਚੋਟੀ ਦੇ ਆਗੂ ਹਨ ਪਰ ਮਮਤਾ ਬੈਨਰਜੀ ਭਾਜਪਾ ਨੂੰ ਇੰਝ ਨਹੀਂ ਕਰਨ ਦੇਵੇਗੀ। 
ਭਾਜਪਾ ਕੋਲ ਆਪਣੇ ਹੀ ਇਕ ਉਮੀਦਵਾਰ ਭੁਪਿੰਦਰ ਯਾਦਵ ਵੀ ਹਨ ਪਰ ਪਾਰਟੀ ਪ੍ਰਧਾਨ ਅਮਿਤ ਸ਼ਾਹ ਯਾਦਵ ਦੀਆਂ ਸੇਵਾਵਾਂ ਸਿਆਸੀ ਕੰਮਾਂ ਲਈ ਲੈਣਾ ਚਾਹੁੰਦੇ ਹਨ। ਹੁਣ ਨਰੇਸ਼ ਗੁਜਰਾਲ ਹੀ ਬਾਕੀ ਬਚੇ ਹਨ, ਜੋ ਉਕਤ ਅਹੁਦੇ ਲਈ ਇਕ ਢੁੱਕਵੇਂ ਉਮੀਦਵਾਰ ਹੋ ਸਕਦੇ ਹਨ। ਉਹ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹਨ, ਜੋ ਭਾਜਪਾ ਦੀ ਵਫਾਦਾਰ ਭਾਈਵਾਲ ਪਾਰਟੀ ਹੈ। ਗੁਜਰਾਲ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਜ ਸਭਾ ਦੇ ਆਗੂ ਅਰੁਣ ਜੇਤਲੀ ਨਾਲ ਵੀ ਚੰਗੇ ਸਬੰਧ ਹਨ। ਉਨ੍ਹਾਂ ਦਾ ਵਿਰੋਧੀ ਪਾਰਟੀਆਂ ਦੇ ਆਗੂਆਂ 'ਤੇ ਵੀ ਚੰਗਾ ਪ੍ਰਭਾਵ ਹੈ। ਇਸ ਲਈ ਨਰੇਸ਼ ਗੁਜਰਾਲ ਦੇ ਰਾਜ ਸਭਾ ਦਾ ਡਿਪਟੀ ਚੇਅਰਮੈਨ ਬਣਨ ਦੀ ਸੰਭਾਵਨਾ ਉਜਵਲ ਹੈ।


Related News