ਵਰਚੁਅਲ ਰੈਲੀ 'ਚ ਖੇਤੀਬਾੜੀ ਮੰਤਰੀ ਤੋਮਰ ਬੋਲੇ: ਕੈਪਟਨ ਸਰਕਾਰ ਹਰ ਮੁੱਦੇ 'ਤੇ ਫੇਲ੍ਹ

06/27/2020 3:44:50 PM

ਨਵੀਂ ਦਿੱਲੀ— ਭਾਜਪਾ ਪਾਰਟੀ ਵਲੋਂ ਅੱਜ ਵਰਚੁਅਲ ਰੈਲੀ ਕੀਤੀ ਗਈ, ਜਿਸ 'ਚ ਤਮਾਮ ਮੁੱਦਿਆਂ ਖ਼ਾਸ ਕਰਕੇ ਕੋਰੋਨਾ ਨਾਲ ਜੰਗ ਬਾਰੇ ਗੱਲ ਕੀਤੀ ਗਈ। ਇਸ ਵਰਚੁਅਲ ਰੈਲੀ 'ਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀ ਸ਼ਿਰਕਤ ਕੀਤੀ। ਤੋਮਰ ਨੇ ਪੰਜਾਬ 'ਚ ਕਿਸਾਨਾਂ ਦੇ ਮੁੱਦੇ 'ਤੇ ਗੱਲ ਕੀਤੀ। ਪੰਜਾਬ ਦੀ ਕੈਪਟਨ ਸਰਕਾਰ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਹੈ। ਕੈਪਟਨ ਸਾਬ੍ਹ ਮੁੱਖ ਮੰਤਰੀ ਹਨ। ਇਹ ਸਰਕਾਰ ਜਦੋਂ ਚੋਣਾਂ ਲੜ ਰਹੀ ਸੀ, ਕਾਂਗਰਸ ਪਾਰਟੀ ਦੇ ਉਮੀਦਵਾਰ ਜਦੋਂ ਮੈਦਾਨ 'ਚ ਸਨ, ਉਸ ਸਮੇਂ ਮੈਨੂੰ ਵੀ ਪੰਜਾਬ 'ਚ ਪਾਰਟੀ ਦਾ ਕੰਮ ਕਰਨ ਦਾ ਮੌਕਾ ਮਿਲਿਆ ਸੀ। ਉਸ ਸਮੇਂ ਕਾਂਗਰਸ ਨੇ ਕਿਹਾ ਸੀ ਕਿ ਸਾਡੀ ਸਰਕਾਰ ਆਵੇਗੀ ਤਾਂ ਕਿਸਾਨਾਂ ਦਾ ਪੂਰਾ-ਪੂਰਾ ਕਰਜ਼ਾ ਮੁਆਫ਼ ਕਰਾਂਗੇ। ਮੈਨੀਫੈਸਟੋ 'ਚ ਦੂਜੀ ਗੱਲ ਉਨ੍ਹਾਂ ਆਖੀ ਸੀ ਕਿ ਅਸੀਂ ਪੰਜਾਬ ਦੇ ਹਰ ਬੇਰੋਜ਼ਗਾਰ ਨੂੰ ਨੌਕਰੀ ਦੇਣ ਦਾ ਕੰਮ ਕਰਾਂਗੇ। ਤੀਜੀ ਗੱਲ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਨੂੰ ਅਸੀਂ ਨਸ਼ੇ ਤੋਂ ਮੁਕਤ ਕਰ ਦੇਵਾਂਗੇ।

ਤੋਮਰ ਨੇ ਕਿਹਾ ਕਿ ਨਾ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਇਆ, ਨਾ ਬੇਰੁਜ਼ਗਾਰੀ ਦੂਰ ਹੋਈ ਅਤੇ ਨਾ ਹੀ ਪੰਜਾਬ ਨਸ਼ੇ ਤੋਂ ਮੁਕਤ ਹੋਇਆ। ਪੰਜਾਬ ਇਸ ਸਮੇਂ ਕੰਗਾਲੀ ਵੱਲ ਜਾ ਰਿਹਾ ਹੈ। ਭ੍ਰਿਸ਼ਟਾਚਾਰ ਵੱਧ ਰਿਹਾ ਹੈ। ਜਿੱਥੋਂ ਤੱਕ ਸਵਾਲ ਕੇਂਦਰ ਸਰਕਾਰ ਦਾ ਹੈ, ਕੇਂਦਰ ਸਰਕਾਰ ਨੇ ਪੰਜਾਬ ਨੂੰ ਵਿਕਾਸ ਦੇ ਰਸਤੇ ਵੱਲ ਤੋਰਨ ਲਈ ਹਰ ਸਹਿਯੋਗ ਦਿੱਤਾ। ਚਾਹੇ ਗੱਲ ਕਰਤਾਰਪੁਰ ਲਾਂਘੇ ਦੀ ਹੋਵੇ, ਚਾਹੇ ਨੈਸ਼ਨਲ ਹਾਈਵੇਅ ਬਣਾਉਣ ਦਾ ਮਾਮਲਾ ਹੋਵੇ ਜਾਂ ਖੇਤੀਬਾੜੀ ਖੇਤਰ 'ਚ ਅਨੇਕ ਸੰਸਥਾਵਾਂ ਬਣਾਉਣ ਦੀ ਗੱਲ ਹੋਵੇ। ਹਰ ਨਜ਼ਰ 'ਚ ਪੰਜਾਬ ਸਰਕਾਰ ਨੂੰ ਸਹਿਯੋਗ ਕਰਨ ਦਾ ਕੰਮ ਕੀਤਾ। ਤੋਮਰ ਨੇ ਕਿਹਾ ਕਿ ਮੈਂ ਖੇਤੀਬਾੜੀ ਮਹਿਕਮਾ ਵੇਖ ਰਿਹਾ ਹਾਂ। ਖੇਤੀਬਾੜੀ ਮਹਿਕਮੇ ਵਲੋਂ ਵੀ ਸਾਰੀਆਂ ਯੋਜਨਾਵਾਂ ਪੰਜਾਬ 'ਚ ਲਾਗੂ ਹੋਣ, ਇਹ ਯਕੀਨੀ ਰੂਪ ਨਾਲ ਸਾਡੀ ਕੋਸ਼ਿਸ਼ ਹੈ। ਮਹਿਕਮੇ ਦੀ ਸਭ ਤੋਂ ਵੱਡੀ ਯੋਜਨਾ ਪੀ. ਐੱਮ. ਕਿਸਾਨ ਯੋਜਨਾ ਹੈ। ਇਸ ਯੋਜਨਾ ਤਹਿਤ ਹੁਣ ਤੱਕ ਪੰਜਾਬ 'ਚ 23 ਲੱਖ 26 ਹਜ਼ਾਰ 552 ਕਿਸਾਨਾਂ ਨੂੰ 2000 ਕਰੋੜ ਰੁਪਏ ਉਨ੍ਹਾਂ ਦੇ ਖਾਤਿਆਂ 'ਚ ਭੇਜੇ ਗਏ ਹਨ।

ਤੋਮਰ ਨੇ ਅੱਗੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਆਫ਼ਤ ਕਾਰਨ ਸਾਰੇ ਲੋਕ ਡਰ ਵਿਚ ਹਨ। ਸਾਰੀਆਂ ਪਾਰਟੀਆਂ ਘਰਾਂ 'ਚ ਬੰਦ ਹਨ। ਪਰ ਭਾਜਪਾ ਜਨਤਾ ਪਾਰਟੀ ਇਕ-ਮਾਤਰ ਅਜਿਹਾ ਸਿਆਸੀ ਦਲ ਹੈ, ਜੋ ਅਜਿਹੀ ਆਫ਼ਤ ਦੇ ਸਮੇਂ ਵੀ ਆਪਣੀ ਜਾਨ ਜ਼ੋਖਮ 'ਚ ਪਾ ਕੇ ਪੂਰੀ ਤਾਲਾਬੰਦੀ ਦੌਰਾਨ ਚਾਹੇ ਗਰੀਬ ਪਰਿਵਾਰਾਂ ਨੂੰ ਭੋਜਨ ਵੰਡਣ ਦਾ ਕੰਮ ਹੋਵੇ, ਗਰੀਬ ਬਸਤੀਆਂ 'ਚ ਸੈਨੇਟਾਈਜ਼ਰ ਉਪਲੱਬਧ ਕਰਾਉਣ ਦਾ ਕੰਮ ਹੋਵੇ, ਘਰ-ਘਰ 'ਚ ਲੋਕਾਂ ਨੂੰ ਮਾਸਕ ਵੰਡਣ ਦਾ ਕੰਮ ਹੋਵੇ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਜੀ ਦੀ ਬੇਨਤੀ 'ਤੇ ਕਰੋੜਾਂ ਵਰਕਰਾਂ ਨੇ ਦੇਸ਼ 'ਚ ਜਨਤਾ ਦੀ ਸੇਵਾ ਕਰਨ ਦਾ ਕੰਮ ਕੀਤਾ। ਇਹ ਕੰਮ ਅਜੇ ਨਿਰੰਤਰ ਜਾਰੀ ਹੈ। ਇਸ ਕ੍ਰਮ ਦੇ ਤਹਿਤ ਅਸੀਂ ਸਾਰੇ ਅੱਜ ਰੈਲੀ 'ਚ ਮਿਲ ਰਹੇ ਹਾਂ।


Tanu

Content Editor

Related News