ਨਰੇਂਦਰ ਤੋਮਰ ਦਾ ਵੱਡਾ ਬਿਆਨ, ਰੱਦ ਨਹੀਂ ਹੋਣਗੇ ਖੇਤੀਬਾੜੀ ਕਾਨੂੰਨ,ਹੋਰ ਕਿਸੇ ਵੀ ਤਜਵੀਜ਼ 'ਤੇ ਵਿਚਾਰ ਨੂੰ ਤਿਆਰ
Friday, Jan 08, 2021 - 11:14 AM (IST)
ਨਵੀਂ ਦਿੱਲੀ- ਕੇਂਦਰ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਵਿਚਾਲੇ ਹੋਣ ਵਾਲੀ ਮਹੱਤਵਪੂਰਨ ਬੈਠਕ ਤੋਂ ਇਕ ਦਿਨ ਪਹਿਲਾਂ ਕੇਂਦਰੀ ਮੰਤਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਨੇ ਵੀਰਵਾਰ ਨੂੰ ਵੱਡਾ ਬਿਆਨ ਦਿੱਤਾ। ਤੋਮਰ ਨੇ ਕਿਹਾ ਕਿ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਇਲਾਵਾ ਕਿਸੇ ਵੀ ਪ੍ਰਸਤਾਵ 'ਤੇ ਵਿਚਾਰ ਕਰਨ ਲਈ ਤਿਆਰ ਹੈ। ਹਾਲਾਂਕਿ ਕਿਸਾਨਾਂ ਦੀ ਕੇਂਦਰ ਸਰਕਾਰ ਤੋਂ ਇਕ ਮੁੱਖ ਮੰਗ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਹੈ। ਤੋਮਰ ਨੇ ਕਿਹਾ ਕਿ ਉਹ ਹਾਲੇ ਨਹੀਂ ਕਹਿ ਸਕਦੇ ਹਨ ਕਿ 8 ਜਨਵਰੀ ਨੂੰ ਵਿਗਿਆਨ ਭਵਨ 'ਚ ਦੁਪਹਿਰ 2 ਵਜੇ 40 ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਨਾਲ ਹੋਣ ਵਾਲੀ ਬੈਠਕ ਦਾ ਕੀ ਨਤੀਜਾ ਨਿਕਲੇਗਾ। ਮੰਤਰੀ ਨੇ ਪੰਜਾਬ ਦੇ ਨਾਨਕਸਰ ਗੁਰਦੁਆਰਾ ਦੇ ਮੁਖੀ ਬਾਬਾ ਲੱਖਾ ਨੂੰ ਗਤੀਰੋਧ ਖ਼ਤਮ ਕਰਨ ਲਈ ਇਕ ਪ੍ਰਸਤਾਵ ਦੇਣ ਦੀ ਗੱਲ ਤੋਂ ਇਨਕਾਰ ਕੀਤਾ। ਉਹ ਸੂਬੇ ਦੇ ਇਕ ਮਸ਼ਹੂਰ ਸ਼ਖ਼ਸੀਅਤ ਨੇਤਾ ਹਨ।
ਇਹ ਵੀ ਪੜ੍ਹੋ : ਬਾਬਾ ਲੱਖਾ ਸਿੰਘ ਵੱਲੋਂ ਨਰੇਂਦਰ ਤੋਮਰ ਨਾਲ ਮੁਲਾਕਾਤ, ਕਿਸਾਨੀ ਮਸਲੇ ਦੇ ਹੱਲ ਲਈ ਵਿਚੋਲਗੀ ਦੀ ਕੀਤੀ ਪੇਸ਼ਕਸ਼
ਸ਼ੁੱਕਰਵਾਰ ਦੀ ਬੈਠਕ ਦੇ ਨਤੀਜਿਆਂ ਬਾਰੇ ਪੁੱਛੇ ਜਾਣ 'ਤੇ ਤੋਮਰ ਨੇ ਕਿਹਾ,''ਮੈਂ ਹਾਲੇ ਕੁਝ ਨਹੀਂ ਕਹਿ ਸਕਦਾ। ਅਸਲ 'ਚ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਬੈਠਕ 'ਚ ਚਰਚਾ ਲਈ ਕੀ ਮੁੱਦਾ ਉੱਠਦਾ ਹੈ।'' ਸਰਕਾਰ ਨਾਲ ਗੱਲਬਾਤ ਤੋਂ ਪਹਿਲਾਂ ਵੀਰਵਾਰ ਨੂੰ ਹਜ਼ਾਰਾਂ ਦੀ ਗਿਣਤੀ 'ਚ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ਨਾਲ ਲੱਗੇ ਆਪਣੇ ਪ੍ਰਦਰਸ਼ਨ ਸਥਾਨਾਂ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦ ਅਤੇ ਹਰਿਆਣਾ ਦੇ ਰੇਵਾਸਨ ਤੋਂ ਟਰੈਕਟਰ ਮਾਰਚ ਕੱਢਿਆ। ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ 26 ਜਨਵਰੀ ਨੂੰ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਰਾਸ਼ਟਰੀ ਰਾਜਧਾਨੀ 'ਚ ਆਉਣ ਵਾਲੇ ਟਰੈਕਟਰਾਂ ਦੀ ਪ੍ਰਸਤਾਵਿਤ ਪਰੇਡ ਤੋਂ ਪਹਿਲਾਂ ਇਹ ਸਿਰਫ਼ ਇਕ ਰਿਹਰਸਲ ਹੈ।
ਨੋਟ : ਖੇਤੀਬਾੜੀ ਮੰਤਰੀ ਤੋਮਰ ਦੇ ਬਿਆਨ ਬਾਰੇ ਕੀ ਹੈ ਤੁਹਾਡੀ ਰਾਏ?