70 ਸਾਲ ਦੀ ਬੀਮਾਰੀ 5 ਸਾਲ ''ਚ ਨਹੀਂ ਹੋਵੇਗੀ ਠੀਕ : ਨਰਿੰਦਰ ਮੋਦੀ

06/26/2019 12:01:06 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ 'ਤੇ ਤਿੱਖੇ ਹਮਲੇ ਕਰਦਿਆਂ ਮੰਗਲਵਾਰ ਨੂੰ ਕਿਹਾ ਕਿ 70 ਸਾਲ ਦੀ ਬੀਮਾਰੀ ਨੂੰ 5 ਸਾਲਾਂ ਵਿਚ ਠੀਕ ਨਹੀਂ ਕੀਤਾ ਜਾ ਸਕਦਾ। ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ ਨੂੰ ਲੈ ਕੇ ਹੋਈ ਚਰਚਾ ਦੌਰਾਨ ਮੋਦੀ ਨੇ ਕਿਹਾ ਕਿ ਸਾਡੇ 'ਤੇ ਇਹ ਦੋਸ਼ ਲਗਾਇਆ ਜਾਂਦਾ ਹੈ ਕਿ ਅਸੀਂ ਕੁਝ ਵਿਅਕਤੀਆਂ ਨੂੰ ਜੇਲ ਵਿਚ ਨਹੀਂ ਸੁੱਟਿਆ। ਇਸ ਸਮੇਂ ਦੇਸ਼ ਵਿਚ ਐਮਰਜੈਂਸੀ ਨਹੀਂ ਲੱਗੀ ਹੋਈ ਕਿ ਸਰਕਾਰ ਕਿਸੇ ਨੂੰ ਵੀ ਜੇਲ 'ਚ ਸੁੱਟ ਦੇਵੇ। ਇਹ ਲੋਕਰਾਜ ਹੈ ਅਤੇ ਨਿਆਂਪਾਲਿਕਾ ਇਸ ਬਾਰੇ ਫੈਸਲਾ ਕਰੇਗੀ। ਅਸੀਂ ਕਾਨੂੰਨ ਨੂੰ ਉਸ ਦਾ ਕੰਮ ਕਰਨ ਦਿੰਦੇ ਹਾਂ। ਜੇ ਕਿਸੇ ਨੂੰ ਜ਼ਮਾਨਤ ਮਿਲਦੀ ਹੈ ਤਾਂ ਉਹ ਉਸ ਨੂੰ ਇੰਜੁਆਏ ਕਰਨ। ਅਸੀਂ ਬਦਲਾ ਲੈਣ ਦੀ ਭਾਵਨਾ ਵਿਚ ਭਰੋਸਾ ਨਹੀਂ ਕਰਦੇ ਪਰ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਜਾਰੀ ਰਹੇਗੀ। ਸਾਨੂੰ ਦੇਸ਼ ਨੇ ਇੰਨਾ ਕੁਝ ਦਿੱਤਾ ਹੈ ਕਿ ਗਲਤ ਰਾਹ 'ਤੇ ਜਾਣ ਦੀ ਲੋੜ ਹੀ ਨਹੀਂ।

ਅਸਲ ਵਿਚ ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਮੋਦੀ ਨੂੰ ਕਿਹਾ ਸੀ ਕਿ ਤੁਸੀਂ ਸੋਨੀਆ ਅਤੇ ਰਾਹੁਲ ਨੂੰ ਚੋਰ ਦੱਸ ਕੇ ਸੱਤਾ 'ਚ ਆਏ ਹੋ ਪਰ ਉਹ ਦੋਵੇਂ ਸੰਸਦ 'ਚ ਕਿਵੇਂ ਬੈਠੇ ਹਨ? ਮੋਦੀ ਨੇ ਕਿਹਾ ਕਿ ਹਾਊਸ ਵਿਚ ਗੱਲ ਕਹੀ ਗਈ ਸੀ ਕਿ ਸਾਡੀ ਉੱਚਾਈ ਨੂੰ ਕੋਈ ਤੋਲ ਨਹੀਂ ਸਕਦਾ। ਅਸੀਂ ਅਜਿਹੀ ਗਲਤੀ ਨਹੀਂ ਕਰਦੇ। ਅਸੀਂ ਕਿਸੇ ਦੀ ਲਕੀਰ ਨੂੰ ਛੋਟਾ ਕਰਨ ਵਿਚ ਯਕੀਨ ਨਹੀਂ ਕਰਦੇ। ਅਸੀਂ ਆਪਣੀ ਲਕੀਰ ਲੰਬੀ ਕਰਨ ਵਿਚ ਜ਼ਿੰਦਗੀ ਖਪਾ ਦਿੰਦੇ ਹਾਂ। ਹੋਰਨਾਂ ਦੀ ਉੱਚਾਈ ਉਨ੍ਹਾਂ ਨੂੰ ਮੁਬਾਰਕ। ਅਜਿਹੇ ਲੋਕ ਇੰਨੀ ਉੱਚਾਈ 'ਤੇ ਚੱਲੇ ਗਏ ਕਿ ਉਨ੍ਹਾਂ ਨੂੰ ਜ਼ਮੀਨ ਨਜ਼ਰ ਆਉਣੀ ਬੰਦ ਹੋ ਗਈ। ਅਜਿਹੇ ਲੋਕ ਜੜ੍ਹਾਂ ਤੋਂ ਉਖੜ ਗਏ। ਜੋ ਜ਼ਮੀਨ 'ਤੇ ਹਨ, ਉਹ ਉਨ੍ਹਾਂ ਨੂੰ ਸਾਧਾਰਨ ਜਿਹੇ ਨਜ਼ਰ ਆਉਂਦੇ ਹਨ। ਅਜਿਹੇ ਲੋਕਾਂ ਦਾ ਉੱਚਾ ਹੋਣਾ ਮੇਰੇ ਲਈ ਬਹੁਤ ਤਸੱਲੀ ਵਾਲੀ ਗੱਲ ਹੈ। ਮੇਰੀ ਕਾਮਨਾ ਹੈ ਕਿ ਅਜਿਹੇ ਲੋਕ ਹੋਰ ਉੱਚੇ ਉੱਠਣ। ਉੱਚਾਈ ਨੂੰ ਲੈ ਕੇ ਮੇਰੀ ਉਨ੍ਹਾਂ ਨਾਲ ਕੋਈ ਬਹਿਸ ਨਹੀਂ। ਸਾਡਾ ਸੁਪਨਾ ਉੱਚਾ ਹੋਣਾ ਨਹੀਂ ਸਗੋਂ ਜੜ੍ਹਾਂ ਨਾਲ ਜੁੜਨਾ ਹੈ। ਸਾਡਾ ਰਾਹ ਜੜ੍ਹਾਂ ਤੋਂ ਤਾਕਤ ਹਾਸਲ ਕਰ ਕੇ ਦੇਸ਼ ਨੂੰ ਮਜ਼ਬੂਤੀ ਦੇਣਾ ਹੈ। ਅਸੀਂ ਇਸ ਮੁਕਾਬਲੇਬਾਜ਼ੀ ਵਿਚ ਹੋਰਨਾਂ ਨੂੰ ਸ਼ੁੱਭਕਾਮਾਨਾਵਾਂ ਦਿੰਦੇ ਹਾਂ ਕਿ ਉਹ ਹੋਰ ਉੱਚੇ ਉੱਠਣ।

ਛੋਟਾ ਸੋਚਣਾ ਮੈਨੂੰ ਪਸੰਦ ਨਹੀਂ
ਮੋਦੀ ਨੇ ਕਿਹਾ ਕਿ ਤੁਰੰਤ ਲਾਭ ਮੇਰੀ ਸੋਚ ਦਾ ਘੇਰਾ ਨਹੀਂ। ਛੋਟਾ ਸੋਚਣਾ ਮੈਨੂੰ ਪਸੰਦ ਨਹੀਂ। ਮੈਨੂੰ ਕਦੇ-ਕਦੇ ਲੱਗਦਾ ਹੈ ਕਿ ਦੇਸ਼ ਵਾਸੀਆਂ ਦੇ ਸੁਪਨੇ ਨੂੰ ਸਾਕਾਰ ਕਰਨਾ ਹੈ ਤਾਂ ਛੋਟਾ ਸੋਚਣ ਦਾ ਅਧਿਕਾਰ ਵੀ ਮੈਨੂੰ ਨਹੀਂ ਹੈ। ਜਦੋਂ ਹੌਂਸਲਾ ਉੱਚੀ ਉਡਾਣ ਦਾ ਬਣਾ ਲਿਆ ਤਾਂ ਫਿਰ ਇਹ ਵੇਖਣਾ ਫਜ਼ੂਲ ਹੈ ਕਿ ਆਸਮਾਨ ਦਾ ਕੱਦ ਕਿੰਨਾ ਉੱਚਾ ਹੈ।

ਅਸੀਂ ਪ੍ਰਣਬ ਮੁਖਰਜੀ ਨੂੰ ਕੰਮ ਕਰਨ ਲਈ ਦਿੱਤਾ ਭਾਰਤ ਰਤਨ
ਪੀ.ਐੱਮ. ਨੇ ਕਿਹਾ ਕਿ ਨਰਸਿਮ੍ਹਾ ਰਾਓ ਅਤੇ ਮਨਮੋਹਨ ਸਿੰਘ ਨੂੰ ਉਨ੍ਹਾਂ ਦੀਆਂ ਸਰਕਾਰਾਂ ਵੇਲੇ ਭਾਰਤ ਰਤ ਨਹੀਂ ਮਿਲਿਆ। ਪਰਿਵਾਰ ਤੋਂ ਬਾਹਰ ਕਿਸੇ ਨੂੰ ਵੀ ਇਹ ਸਰਵਉੱਚ ਸਿਵਲੀਅਨ ਪੁਰਸਕਾਰ ਨਹੀਂ ਦਿੱਤਾ ਗਿਆ। ਪ੍ਰਣਬ ਮੁਖਰਜੀ ਨੇ ਦੇਸ਼ ਲਈ ਆਪਣਾ ਜੀਵਨ ਲਾਇਆ। ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਲਈ ਭਾਰਤ ਰਤਨ ਦਿੱਤਾ। ਅੱਜ ਜਦੋਂ ਅਸੀਂ ਸਵਾ 100 ਕਰੋੜ ਭਾਰਤੀਆਂ ਦੀ ਗੱਲ ਕਰਦੇ ਹਾਂ ਤਾਂ ਉਸ ਵਿਚ ਸਭ ਆ ਜਾਂਦੇ ਹਨ।

ਐਮਰਜੈਂਸੀ ਦਾ ਦਾਗ਼ ਮਿਟਣ ਵਾਲਾ ਨਹੀਂ
ਪ੍ਰਧਾਨ ਮੰਤਰੀ ਨੇ ਹਿਕਾ ਕਿ ਲੋਕਾਂ ਨੂੰ ਪਤਾ ਹੈ ਕਿ 25 ਜੂਨ 1975 ਨੂੰ ਕੀ ਹੋਇਆ ਸੀ। ਉਸ ਦਿਨ ਦੇਸ਼ ਦੀ ਆਤਮਾ ਨੂੰ ਕੁਚਲ ਦਿੱਤਾ ਗਿਆ ਸੀ। ਭਾਰਤ ਵਿਚ ਲੋਕਰਾਜ ਸੰਵਿਧਾਨ ਦੇ ਪੰਨਿਆਂ ਵਿਚੋਂ ਪੈਦਾ ਨਹੀਂ ਹੋਇਆ। ਇਹ ਸਦੀਆਂ ਤੋਂ ਸਾਡੀ ਆਤਮਾ ਵਿਚ ਹੈ। ਉਦੋਂ ਮੀਡੀਆ ਨੂੰ ਦਬੋਚ ਲਿਆ ਗਿਆ ਸੀ। ਵੱਡੇ ਵਿਅਕਤੀਆਂ ਨੂੰ ਜੇਲਾਂ ਵਿਚ ਡੱਕ ਦਿੱਤਾ ਗਿਆ ਸੀ। ਪੂਰੇ ਹਿੰਦੁਸਤਾਨ ਨੂੰ ਜੇਲਖਾਣਾ ਬਣਾ ਦਿੱਤਾ ਗਿਆ ਸੀ, ਅਜਿਹਾ ਇਸ ਲਈ ਕੀਤਾ ਗਿਆ ਤਾਂ ਜੋ ਇਕ ਵਿਅਕਤੀ ਦੀ ਸੱਤਾ ਨਾ ਚਲੀ ਜਾਵੇ। ਉਸ ਸਮੇਂ ਜਿਹੜੇ ਵੀ ਵਿਅਕਤੀ ਇਸ ਪਾਪ ਦੇ ਭਾਈਵਾਲ ਹਨ, ਉਹ ਇਹ ਗੱਲ ਜਾਣ ਲੈਣ ਕਿ ਐਮਰਜੈਂਸੀ ਦੇ ਦਾਗ਼ ਕਦੇ ਵੀ ਮਿਟਣ ਵਾਲੇ ਨਹੀਂ ਹਨ।


DIsha

Content Editor

Related News