PM ਮੋਦੀ ਨੇ ਕੀਤਾ ਆਪਣੀ ਜਾਇਦਾਦ ਦਾ ਐਲਾਨ, ਜਾਣੋ ਕਿੰਨਾ ਹੈ ਬੈਂਕ ਬੈਲੇਂਸ ਅਤੇ ਪ੍ਰਾਪਰਟੀ

Thursday, Oct 15, 2020 - 11:24 AM (IST)

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ 'ਚ ਆਪਣੀ ਜਾਇਦਾਦ ਅਤੇ ਦੇਣਦਾਰੀਆਂ ਦਾ ਐਲਾਨ ਕੀਤਾ ਹੈ। ਪੀ.ਐੱਮ. ਮੋਦੀ ਵੀ ਆਮ ਆਦਮੀ ਦੀ ਤਰ੍ਹਾਂ ਆਪਣੀ ਜ਼ਿਆਦਾਤਰ ਕਮਾਈ ਬਚਤ ਖਾਤਿਆਂ 'ਚ ਹੀ ਜਮ੍ਹਾ ਕਰਦੇ ਹਨ। ਪੀ.ਐੱਮ. ਮੋਦੀ ਦੀ ਚੱਲ ਜਾਇਦਾਦ ਪਿਛਲੇ 15 ਮਹੀਨਿਆਂ 'ਚ 36.53 ਲੱਖ ਰੁਪਏ ਵਧੀ ਹੈ। ਪਿਛਲੇ ਵਿੱਤ ਸਾਲ ਪੀ.ਐੱਮ. ਮੋਦੀ ਦੀ ਚੱਲ ਜਾਇਦਾਦ 'ਚ 26.26 ਫੀਸਦੀ ਦਾ ਵਾਧਾ ਹੋਇਆ ਹੈ। ਇਹ 1,39,10,260 ਰੁਪਏ ਤੋਂ ਵੱਧ ਕੇ 1,75,63,618 ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਦੀਆਂ ਜਾਇਦਾਦਾਂ ਦੇ ਵੇਰਵੇ 'ਚ 30 ਜੂਨ ਤੱਕ ਦੀ ਉਨ੍ਹਾਂ ਦੀ ਵਿੱਤੀ ਸਥਿਤੀ ਨੂੰ ਦਰਸਾਇਆ ਗਿਆ ਹੈ। ਇਹ ਵਾਧਾ ਕਾਫ਼ੀ ਹੱਦ ਤੱਕ ਪੀ.ਐੱਮ. ਦੀ ਤਨਖਾਹ 'ਤੇ ਬਚਤ ਦੇ ਰੂਪ 'ਚ ਦਿਖਾਈ ਗਈ ਹੈ।

ਬੀਮਾ ਪ੍ਰੀਮੀਅਰ ਘੱਟ ਹੋਇਆ ਹੈ
ਪੀ.ਐੱਮ. ਮੋਦੀ ਦੀ ਅਚੱਲ ਜਾਇਦਾਦ 'ਚ ਲਗਭਗ ਕੋਈ ਤਬਦੀਲੀ ਨਹੀਂ ਹੋਈ ਹੈ। ਪੀ.ਐੱਮ. ਮੋਦੀ ਨੇ ਗਾਂਧੀਨਗਰ 'ਚ 1.1 ਕਰੋੜ ਰੁਪਏ ਦੇ ਪਲਾਟ ਅਤੇ ਘਰ ਹੋਣ ਦੀ ਗੱਲ ਕਹੀ ਹੈ। ਉਹ ਆਪਣੇ ਪਰਿਵਾਰ ਨਾਲ ਇਸ ਦੇ ਇਕ ਹਿੱਸੇ ਦੇ ਮਾਲਕ ਹਨ। 12 ਅਕਤੂਬਰ ਨੂੰ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਜੀਵਨ ਬੀਮਾ, ਰਾਸ਼ਟਰੀ ਬਚਤ ਪੱਤਰ (ਐੱਨ.ਐੱਸ.ਸੀ.) ਅਤੇ ਬੁਨਿਆਦੀ ਢਾਂਚਾ ਬਾਂਡ ਰਾਹੀਂ ਹੀ ਬਚਤ ਕਰ ਰਹੇ ਹਨ। ਜਾਇਦਾਦਾਂ ਅਤੇ ਦੇਣਦਾਰੀਆਂ ਦੇ ਐਲਾਨ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਐੱਨ.ਐੱਸ.ਸੀ. 'ਚ ਵੱਧ ਨਿਵੇਸ਼ ਕੀਤਾ ਹੈ ਅਤੇ ਉਨ੍ਹਾਂ ਦਾ ਬੀਮਾ ਪ੍ਰੀਮੀਅਮ ਘੱਟ ਹੋਇਆ ਹੈ।

ਕੋਰੋਨਾ ਕਾਰਨ ਮੋਦੀ ਦੀ ਤਨਖਾਹ 'ਚ ਵੀ ਹੋਈ 30 ਫੀਸਦੀ ਕਟੌਤੀ
ਕੋਰੋਨਾ ਕਾਰਨ ਰਾਸ਼ਟਰਪਤੀ, ਉੱਪ ਰਾਸ਼ਟਰਪਤੀ, ਮੰਤਰੀ ਮੰਡਲ ਦੇ ਹੋਰ ਸਹਿਯੋਗੀਆਂ ਅਤੇ ਸੰਸਦ ਮੈਂਬਰਾਂ ਨਾਲ ਹੀ ਪੀ.ਐੱਮ. ਮੋਦੀ ਦੀ ਤਨਖਾਹ 'ਚ ਵੀ 30 ਫੀਸਦੀ ਦੀ ਕਟੌਤੀ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਚਤ ਖਾਤੇ 'ਚ 30 ਜੂਨ ਨੂੰ 3.38 ਲੱਖ ਰੁਪਏ ਸਨ। ਉਨ੍ਹਾਂ ਨੇ ਜੂਨ ਦੇ ਅੰਤ 'ਚ 31,450 ਰੁਪਏ ਨਕਦ ਆਪਣੇ ਕੋਲ ਰੱਖੇ।

ਹੋਰ ਜਾਇਦਾਦ
1- ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦੀ ਗਾਂਧੀਨਗਰ ਬਰਾਂਚ 'ਚ ਪੀ.ਐੱਮ. ਮੋਦੀ ਦੀ ਫਿਕਸ ਡਿਪਾਜਿਟ ਰਾਸ਼ੀ 30 ਜੂਨ 2020 ਤੱਕ ਵੱਧ ਕੇ 1,60,28,039 ਰੁਪਏ ਹੋ ਗਈ, ਜੋ ਪਿਛਲੇ ਵਿੱਤ ਸਾਲ 'ਚ 1,27,81,574 ਰੁਪਏ ਸੀ। ਸਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਦਿੱਤੇ ਹਲਫਨਾਮੇ 'ਚ ਪੀ.ਐੱਮ. ਮੋਦੀ ਨੇ ਇਸ ਦਾ ਐਲਾਨ ਕੀਤਾ ਸੀ।
2- ਰਿਪੋਰਟ ਅਨੁਸਾਰ, ਪੀ.ਐੱਮ. ਮੋਦੀ ਕੋਲ ਕੋਈ ਦੇਣਦਾਰੀਆਂ ਨਹੀਂ ਹਨ ਅਤੇ ਉਨ੍ਹਾਂ ਕੋਲ ਕਾਰ ਨਹੀਂ ਹੈ। ਉਨ੍ਹਾਂ ਕੋਲ ਸੋਨੇ ਦੀਆਂ 4 ਅੰਗੂਠੀਆਂ ਹਨ।
3- ਉਹ 8,43,124 ਰੁਪਏ ਦੇ ਰਾਸ਼ਟਰੀ ਬਚਤ ਪ੍ਰਮਾਣ ਪੱਤਰ ਦੇ ਮਾਧਿਅਮ ਨਾਲ ਟੈਕਸ ਸੇਵਿੰਗ ਕਰਦੇ ਹਨ।
4- ਆਪਣੇ ਜੀਵਨ ਬੀਮਾ ਲਈ 1,50,957 ਰੁਪਏ ਦਾ ਪ੍ਰੀਮੀਅਮ ਚੁਕਾਉਂਦੇ ਹਨ।
5- ਪ੍ਰਧਾਨ ਮੰਤਰੀ ਕੋਲ ਰਾਸ਼ਟਰੀ ਬਚਤ ਪ੍ਰਮਾਣ ਪੱਤਰ ਦੇ 7,61,646 ਰੁਪਏ ਸਨ ਅਤੇ ਜੀਵਨ ਬੀਮਾ ਪ੍ਰੀਮੀਅਮ ਦੇ ਰੂਪ 'ਚ 1,90,347 ਰੁਪਏ ਦਾ ਭੁਗਤਾਨ ਕੀਤਾ।
ਪੀ.ਐੱਮ. ਮੋਦੀ ਤੋਂ ਇਲਾਵਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਸਮੇਤ ਸਾਰੇ ਸੀਨੀਅਰ ਮੰਤਰੀਆਂ ਨੇ ਆਪਣੀਆਂ ਜਾਇਦਾਦਾਂ ਦਾ ਖੁਲਾਸਾ ਕੀਤਾ ਹੈ। ਰਾਮਦਾਸ ਅਠਾਵਲੇ, ਬਾਬੁਲ ਸੁਪ੍ਰਿਆ ਅਤੇ ਪ੍ਰਤਾਪ ਚੰਦਰ ਸਾਰੰਗੀ ਸਮੇਤ ਕੁਝ ਜੂਨੀਅਰ ਮੰਤਰੀਆਂ ਨੇ ਹਾਲੇ ਤੱਕ ਐਲਾਨ ਨਹੀਂ ਕੀਤਾ ਹੈ।


DIsha

Content Editor

Related News