ਨਰਿੰਦਰ ਮੋਦੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ''ਚ ਕਾਂਗਰਸ ਸੰਸਦ ਮੈਂਬਰ ''ਤੇ ਦੋਸ਼ ਤੈਅ

Wednesday, Oct 23, 2024 - 04:05 PM (IST)

ਨਰਿੰਦਰ ਮੋਦੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ''ਚ ਕਾਂਗਰਸ ਸੰਸਦ ਮੈਂਬਰ ''ਤੇ ਦੋਸ਼ ਤੈਅ

ਸਹਾਰਨਪੁਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਵਿਚ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਇਮਰਾਨ ਮਸੂਦ ਖ਼ਿਲਾਫ਼ ਵਿਸ਼ੇਸ਼ ਸੰਸਦ ਮੈਂਬਰ-ਵਿਧਾਇਕ ਅਦਾਲਤ ਵਿਚ ਦੋਸ਼ ਤੈਅ ਕਰ ਦਿੱਤੇ ਹਨ। ਪੀ.ਐੱਮ. ਮੋਦੀ ਖ਼ਿਲਾਫ਼ ਕਥਿਤ ਟਿੱਪਣੀ 2014 'ਚ ਉਦੋਂ ਕੀਤੀ ਗਈ ਸੀ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਸਰਕਾਰੀ ਵਕੀਲ ਗੁਲਾਬ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਮੰਗਲਵਾਰ ਨੂੰ ਵਿਸ਼ੇਸ਼ ਸੰਸਦ ਮੈਂਬਰ-ਵਿਧਾਇਕ ਅਦਾਲਤ ਦੇ ਜੱਜ ਮੋਹਿਤ ਸ਼ਰਮਾ ਦੇ ਸਾਹਮਣੇ ਮਸੂਦ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ। ਉਨ੍ਹਾਂ ਦੱਸਿਆ ਕਿ 27 ਮਾਰਚ 2014 ਨੂੰ ਦੇਵਬੰਦ ਦੇ ਤਤਕਾਲੀ ਕੋਤਵਾਲੀ ਇੰਚਾਰਜ ਕੁਸੁਮ ਵੀਰ ਸਿੰਘ ਨੇ ਮਸੂਦ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਇਸ 'ਚ ਦੋਸ਼ ਲਗਾਇਆ ਗਿਆ ਸੀ ਕਿ ਮਸੂਦ ਨੇ ਦੇਵਬੰਦ ਥਾਣਾ ਖੇਤਰ ਦੇ ਲਬਕਾਰੀ ਪਿੰਡ 'ਚ ਇਕ ਚੋਣ ਰੈਲੀ ਦੌਰਾਨ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

ਦੋਸ਼ ਮੁਤਾਬਕ ਉਸ ਨੇ ਮੋਦੀ ਦੇ ਨਾਲ-ਨਾਲ ਬਹੁਜਨ ਸਮਾਜ ਪਾਰਟੀ ਦੇ 2 ਵਿਧਾਇਕਾਂ ਬਾਰੇ ਵੀ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਸਿੰਘ ਨੇ ਦੱਸਿਆ ਕਿ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਰਹੇ ਮੋਦੀ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਵਿਸ਼ੇਸ਼ ਸੰਸਦ ਮੈਂਬਰ/ਵਿਧਾਇਕ ਅਦਾਲਤ 'ਚ 19 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਸਨ। ਧਿਆਨਯੋਗ ਹੈ ਕਿ ਮਸੂਦ ਦੀ ਟਿੱਪਣੀ ਨੂੰ ਲੈ ਕੇ ਕਾਫੀ ਸਿਆਸੀ ਵਿਵਾਦ ਹੋਇਆ ਸੀ। ਉਨ੍ਹਾਂ ਦੇ ਇਸ ਵਿਵਾਦਿਤ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਗਈ ਹੈ। ਮਸੂਦ ਸਾਲ 2023 'ਚ ਬਹੁਜਨ ਸਮਾਜ ਪਾਰਟੀ 'ਚ ਸ਼ਾਮਲ ਹੋਏ ਸਨ ਪਰ ਉਸੇ ਸਾਲ ਉਹ ਮੁੜ ਕਾਂਗਰਸ 'ਚ ਸ਼ਾਮਲ ਹੋ ਗਏ ਸਨ। ਪਾਰਟੀ ਦੀ ਟਿਕਟ 'ਤੇ ਉਹ 2024 ਦੀਆਂ ਲੋਕ ਸਭਾ ਚੋਣਾਂ 'ਚ ਸਹਾਰਨਪੁਰ ਸੀਟ ਤੋਂ ਜਿੱਤੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

DIsha

Content Editor

Related News