ਮੋਦੀ ਅਤੇ ਆਸਟ੍ਰੇਲੀਆਈ ਪੀ. ਐੱਮ. 4 ਜੂਨ ਨੂੰ ਵੀਡੀਓ ਲਿੰਕ ਜ਼ਰੀਏ ਕਰਨਗੇ ਚਰਚਾ
Monday, Jun 01, 2020 - 05:55 PM (IST)
ਮੈਲਬੌਰਨ/ਨਵੀਂ ਦਿੱਲੀ— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵੀਰਵਾਰ ਯਾਨੀ ਕਿ 4 ਜੂਨ ਨੂੰ ਵੀਡੀਓ ਲਿੰਕ ਜ਼ਰੀਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ। ਇਸ ਦੌਰਾਨ ਦੋਵੇਂ ਨੇਤਾ ਦੋ-ਪੱਖੀ ਸਬੰਧਾਂ ਅਤੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ 'ਤੇ ਵੀ ਚਰਚਾ ਕਰਨਗੇ। ਇਸ ਤੋਂ ਇਲਾਵਾ ਦੋਹਾਂ ਨੇਤਾਵਾਂ ਵਿਚਾਲੇ ਰੱਖਿਆ, ਕਾਰੋਬਾਰ ਅਤੇ ਸਮੁੰਦਰੀ ਸੁਰੱਖਿਆ ਵਰਗੇ ਮੁੱਦਿਆਂ 'ਤੇ ਵੀ ਗੱਲ ਹੋਵੇਗੀ। ਆਸਟ੍ਰੇਲੀਅਨ ਐਸੋਸੀਏਟੇਡ (ਏ. ਏ. ਪੀ.) ਮੁਤਾਬਕ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਰੀਸਨ ਨੇ ਕਿਹਾ ਕਿ ਉਹ ਕੋਵਿਡ-19 ਮਹਾਮਾਰੀ 'ਤੇ ਦੇਸ਼ਾਂ ਵਲੋਂ ਚੁੱਕੇ ਜਾ ਰਹੇ ਕਦਮਾਂ 'ਤੇ ਚਰਚਾ ਕਰਨਗੇ ਅਤੇ ਵੀਡੀਓ ਲਿੰਕ ਜ਼ਰੀਏ ਬੈਠਕ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਨਗੇ।
ਮੌਰੀਸਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਮੈਂ ਰੱਖਿਆ, ਕਾਰੋਬਾਰ, ਸਮੁੰਦਰੀ ਸੁਰੱਖਿਆ, ਵਿਗਿਆਨ ਅਤੇ ਤਕਨੀਕ ਤੇ ਸਿੱਖਿਆ ਖੇਤਰਾਂ ਵਿਚ ਨਵੇਂ ਮੌਕਿਆਂ 'ਤੇ ਚਰਚਾ ਕਰਾਂਗੇ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਬਰਾਬਰ ਸੋਚ ਵਾਲੇ ਲੋਕਤੰਤਰ ਅਤੇ ਰਣਨੀਤਕ ਭਾਈਵਾਲ ਦੇ ਨਾਤੇ ਆਸਟ੍ਰੇਲੀਆ ਅਤੇ ਭਾਰਤ ਸਹਿਮਤ ਹਨ ਕਿ ਸਾਡਾ ਮਜ਼ਬੂਤ ਦੋ-ਪੱਖੀ ਸਬੰਧ ਇਕ ਖੁੱਲ੍ਹੇ, ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਲਈ ਮਹੱਤਵਪੂਰਨ ਹੈ।
ਦੱਸ ਦੇਈਏ ਕਿ ਮੌਰੀਸਨ ਇਸ ਸਾਲ ਜਨਵਰੀ 'ਚ ਭਾਰਤ ਆਉਣ ਵਾਲੇ ਸਨ ਪਰ ਆਸਟ੍ਰੇਲੀਆ ਦੇ ਦੱਖਣੀ-ਪੂਰਬੀ ਹਿੱਸੇ 'ਚ ਜੰਗਲ ਵਿਚ ਲੱਗੀ ਭਿਆਨਕ ਅੱਗ ਤੋਂ ਬਾਅਦ ਉਨ੍ਹਾਂ ਨੇ ਯਾਤਰਾ ਰੱਦ ਕਰ ਦਿੱਤੀ ਸੀ। ਮੌਰੀਸਨ ਨੇ ਐਤਵਾਰ ਨੂੰ ਇਕ ਤਸਵੀਰ ਟਵੀਟ ਕੀਤੀ ਸੀ। ਇਸ ਵਿਚ ਉਨ੍ਹਾਂ ਨੇ ਲਿਖਿਆ ਕਿ ਐਤਵਾਰ ਨੂੰ ਅੰਬ ਦੀ ਚਟਨੀ ਨਾਲ ਸਮੋਸੇ। ਵੀਡੀਓ ਲਿੰਕ ਜ਼ਰੀਏ ਇਸ ਹਫਤੇ ਨਰਿੰਦਰ ਮੋਦੀ ਨਾਲ ਮੇਰੀ ਬੈਠਕ ਹੈ। ਉਹ ਸ਼ਾਕਾਹਾਰੀ ਹਨ, ਮੈਂ ਉਨ੍ਹਾਂ ਨਾਲ ਸਮੋਸੇ ਖਾਣਾ ਚਾਹਾਂਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ 'ਤੇ ਜਵਾਬ ਦਿੰਦੇ ਹੋਏ ਕਿਹਾ ਕਿ ਦੋਵੇਂ ਦੇਸ਼ ਹਿੰਦ ਮਹਾਸਾਗਰ ਨਾਲ ਜੁੜੇ ਹਨ ਅਤੇ ਭਾਰਤੀ ਸਮੋਸੇ ਨਾਲ ਇਕਜੁੱਟ ਹਨ।