ਲਾਲ ਕਿਲੇ ''ਤੇ ਫਿਰ ਨਜ਼ਰ ਆਇਆ PM ਮੋਦੀ ਦਾ ਵੱਖਰਾ ਅੰਦਾਜ਼, ਡਰੈੱਸ ਸੈਂਸ ਬਣਿਆ ਆਕਰਸ਼ਨ ਦਾ ਕੇਂਦਰ
Saturday, Aug 15, 2020 - 03:25 PM (IST)
ਨਵੀਂ ਦਿੱਲੀ- ਆਜ਼ਾਦੀ ਦਿਹਾੜਾ ਸਮਾਰੋਹ 'ਚ ਹਰ ਸਾਲ ਚਟਕੀਲੇ ਅਤੇ ਰੰਗ-ਬਿਰੰਗੇ ਸਾਫ਼ੇ 'ਚ ਨਜ਼ਰ ਆਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵਾਰ ਵੀ 74ਵੇਂ ਆਜ਼ਾਦੀ ਦਿਹਾੜੇ 'ਤੇ ਇਤਿਹਾਸਕ ਲਾਲ ਕਿਲੇ 'ਚ ਸ਼ਨੀਵਾਰ ਨੂੰ ਆਯੋਜਿਤ ਸਮਾਰੋਹ 'ਚ ਕੇਸਰੀਆ ਅਤੇ ਕ੍ਰੀਮ ਰੰਗ ਦਾ ਸਾਫ਼ਾ ਪਾਇਆ। ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਅੱਧੀ ਬਾਂਹ ਵਾਲਾ ਕੁੜਤਾ ਅਤੇ ਚੂੜੀਦਾਰ ਪਜ਼ਾਮਾ ਪਾਇਆ ਸੀ।
ਉਨ੍ਹਾਂ ਨੇ ਇਸ ਦੇ ਨਾਲ ਹੀ ਕੇਸਰੀਆ ਕਿਨਾਰੀ ਵਾਲਾ ਸਫ਼ੇਦ ਗਮਛਾ ਵੀ ਪਾ ਰੱਖਿਆ ਸੀ, ਜਿਸ ਦਾ ਉਹ ਕੋਵਿਡ-19 ਦੇ ਮੱਦੇਨਜ਼ਰ ਆਪਣਾ ਮੂੰਹ ਅਤੇ ਨੱਕ ਢੱਕਣ ਲਈ ਇਸਤੇਮਾਲ ਕਰਦੇ ਹਨ। ਸ਼ਾਨਦਾਰ ਬਹੁਮਤ ਨਾਲ ਦੂਜੀ ਵਾਰ ਸੱਤਾ 'ਚ ਆਉਣ ਤੋਂ ਬਾਅਦ ਮੋਦੀ ਨੇ ਪਿਛਲੇ ਸਾਲ ਲਾਲ ਕਿਲੇ ਤੋਂ ਆਜ਼ਾਦੀ ਦਿਵਸ 'ਤੇ ਆਪਣਾ 6ਵਾਂ ਭਾਸ਼ਣ ਦਿੰਦੇ ਸਮੇਂ ਵੀ ਰੰਗ-ਬਿਰੰਗਾ ਸਾਫ਼ਾ ਪਾਇਆ ਸੀ। ਉਨ੍ਹਾਂ ਨੇ 2014 'ਚ ਆਜ਼ਾਦੀ ਦਿਵਸ 'ਤੇ ਆਪਣੇ ਪਹਿਲੇ ਭਾਸ਼ਣ 'ਚ ਡੂੰਘੇ ਲਾਲ ਅਤੇ ਹਰੇ ਰੰਗ ਦਾ ਜੋਧਪੁਰੀ ਸਾਫ਼ਾ ਪਾਇਆ ਸੀ।
ਪੀ.ਐੱਮ. ਮੋਦੀ ਨੇ 2015 'ਚ ਪੀਲੇ ਰੰਗ ਦਾ ਸਾਫ਼ਾ ਪਾਇਆ ਸੀ, ਜਿਸ 'ਤੇ ਵੱਖ-ਵੱਖ ਰੰਗਾਂ ਦੀਆਂ ਧਾਰੀਆਂ ਸਨ, ਜਦੋਂ ਕਿ 2016 'ਚ ਉਨ੍ਹਾਂ ਨੇ ਗੁਲਾਬੀ ਅਤੇ ਪੀਲੇ ਰੰਗ ਦਾ ਲਹਿਰੀਆ ਟਾਈ ਐਂਡ ਡਾਈ ਸਾਫ਼ਾ ਚੁਣਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 2017 'ਚ ਡੂੰਘੇ ਲਾਲ ਅਤੇ ਪੀਲੇ ਰੰਗ ਦਾ ਸਾਫ਼ਾ ਪਾਇਆ, ਜਿਸ 'ਤੇ ਸੁਨਹਿਰੀ ਧਾਰੀਆਂ ਸਨ। ਉਨ੍ਹਾਂ ਨੇ 2018 'ਚ ਕੇਸਰੀਆ ਸਾਫ਼ਾ ਪਾਇਆ ਸੀ। ਗਣਤੰਤਰ ਦਿਵਸ ਸਮਾਰੋਹਾਂ 'ਚ ਵੀ ਕੱਛ ਦੇ ਲਾਲ ਬੰਧਨੀ ਸਾਫ਼ੇ ਤੋਂ ਲੈ ਕੇ ਪੀਲੇ ਰਾਜਸਥਾਨੀ ਸਾਫ਼ੇ ਤੱਕ, ਮੋਦੀ ਦੇ ਸਾਫ਼ੇ ਲੋਕਾਂ ਦਾ ਧਿਆਨ ਆਕਰਸ਼ਿਤ ਕਰਦੇ ਰਹੇ ਹਨ।