2035 ਤੱਕ ਭਾਰਤ ਦਾ ਹੋਵੇਗਾ ਆਪਣਾ ਪੁਲਾੜ ਸਟੇਸ਼ਨ ਅਤੇ 2040 ਤੱਕ ਚੰਦਰਮਾ ’ਤੇ ਹੋਵੇਗਾ ਭਾਰਤੀ : PM ਮੋਦੀ

Friday, Sep 11, 2026 - 10:32 AM (IST)

2035 ਤੱਕ ਭਾਰਤ ਦਾ ਹੋਵੇਗਾ ਆਪਣਾ ਪੁਲਾੜ ਸਟੇਸ਼ਨ ਅਤੇ 2040 ਤੱਕ ਚੰਦਰਮਾ ’ਤੇ ਹੋਵੇਗਾ ਭਾਰਤੀ : PM ਮੋਦੀ

ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅੰਤਰਰਾਸ਼ਟਰੀ ਕਾਨੂੰਨ ’ਤੇ ਆਧਾਰਤ ਸੁਰੱਖਿਅਤ ਅਤੇ ਟਿਕਾਊ ਪੁਲਾੜ ਖੇਤਰ ਦਾ ਸਮਰਥਨ ਕਰਦਾ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਿਗਿਆਨਕ ਅੰਕੜਿਆਂ ਦੀ ਵਰਤੋਂ ਇਮਾਨਦਾਰੀ ਨਾਲ ਇਕ ਸਾਂਝੇ ਨਿਸ਼ਾਨੇ ਦੀ ਪੂਰਤੀ ਲਈ ਹੋਣੀ ਚਾਹੀਦੀ ਹੈ। ਪੈਰਿਸ ’ਚ ਆਯੋਜਿਤ ਅੰਤਰਰਾਸ਼ਟਰੀ ਪੁਲਾੜ ਸਿਖਰ ਸੰਮੇਲਨ ਨੂੰ ਆਨਲਾਈਨ ਮਾਧਿਅਮ ਨਾਲ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀਆਂ ਟੈਕਨਾਲੋਜੀਆਂ ਅਤੇ ਭਾਈਵਾਲੀਆਂ ਨਾ ਸਿਰਫ ਭਾਰਤ ਸਗੋਂ ਪੂਰੀ ਦੁਨੀਆ ਲਈ ਲਾਹੇਵੰਦ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਦੀਆਂ ਤੋਂ ਪੁਲਾੜ ਨੇ ਲੋਕਾਂ ਦੀਆਂ ਕਲਪਨਾਵਾਂ ਨੂੰ ਪ੍ਰੇਰਿਤ ਕੀਤਾ ਹੈ ਅਤੇ ਹੁਣ ਇਹ ਧਰਤੀ ’ਤੇ ਜਲਵਾਯੂ ਅਤੇ ਫਸਲਾਂ ਤੋਂ ਲੈ ਕੇ ਮਹਾਸਾਗਰਾਂ ਅਤੇ ਭਾਈਚਾਰਿਆਂ ਤੱਕ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਪੁਲਾੜ ਦੀਆਂ ਸੰਭਾਵਨਾਵਾਂ ਬੇਅੰਤ ਹਨ ਅਤੇ ਸਾਡੀ ਜ਼ਿੰਮੇਵਾਰੀ ਸਮੂਹਿਕ ਹੈ। ਜਿਵੇਂ-ਜਿਵੇਂ ਪੰਧ (ਆਰਬਿਟ) ਜ਼ਿਆਦਾ ਭੀੜ-ਭੜੱਕੇ ਵਾਲੇ ਹੁੰਦੇ ਜਾ ਰਹੇ ਹਨ, ਟੈਕਨਾਲੋਜੀਆਂ ਜ਼ਿਆਦਾ ਸ਼ਕਤੀਸ਼ਾਲੀ ਹੋ ਰਹੀਆਂ ਹਨ ਅਤੇ ਭਾਈਵਾਲਾਂ ਦੀ ਗਿਣਤੀ ਵਧ ਰਹੀ ਹੈ, ਸਾਨੂੰ ਆਪਣੇ ਬਦਲ ਸਪੱਸ਼ਟ ਰੱਖਣੇ ਹੋਣਗੇ- ਟਕਰਾਅ ਦੀ ਬਜਾਏ ਸਹਿਯੋਗ, ਥੋੜ੍ਹਚਿਰੇ ਲਾਭ ਦੀ ਬਜਾਏ ਸਥਿਰਤਾ ਅਤੇ ਬਾਈਕਾਟ ਦੀ ਬਜਾਏ ਸ਼ਮੂਲੀਅਤ।’ ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਅੰਤਰਰਾਸ਼ਟਰੀ ਕਾਨੂੰਨ ’ਤੇ ਆਧਾਰਤ ਸੁਰੱਖਿਅਤ ਅਤੇ ਟਿਕਾਊ ਪੁਲਾੜ ਖੇਤਰ ਦਾ ਸਮਰਥਨ ਕਰਦੇ ਹਾਂ। ਵਿਗਿਆਨਕ ਅੰਕੜਿਆਂ ਦੀ ਵਰਤੋਂ ਇਮਾਨਦਾਰੀ ਨਾਲ ਇਕ ਸਾਂਝੇ ਨਿਸ਼ਾਨੇ ਦੀ ਪੂਰਤੀ ਲਈ ਹੋਣੀ ਚਾਹੀਦੀ ਹੈ।’’

ਮੋਦੀ ਨੇ ਕਿਹਾ, ‘‘34 ਦੇਸ਼ਾਂ ਦੇ 430 ਤੋਂ ਵੱਧ ਉਪਗ੍ਰਹਿ ਭਾਰਤੀ ਰਾਕੇਟ ਦੇ ਜ਼ਰੀਏ ਪੁਲਾੜ ਭੇਜੇ ਜਾ ਚੁੱਕੇ ਹਨ। ਇਸਰੋ ਦੀਆਂ ਟੈਕਨਾਲੋਜੀਆਂ ਅਤੇ ਭਾਈਵਾਲੀਆਂ ਨਾ ਸਿਰਫ ਭਾਰਤ, ਸਗੋਂ ਪੂਰੀ ਦੁਨੀਆ ਦੀ ਸੇਵਾ ਕਰ ਰਹੀਆਂ ਹਨ।’’ ਉਨ੍ਹਾਂ ਕਿਹਾ ਕਿ ‘ਚੰਦਰਯਾਨ-3’ ਨੇ ਭਾਰਤ ਨੂੰ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਉਤਰਨ ਵਾਲਾ ਪਹਿਲਾ ਦੇਸ਼ ਬਣਾ ਦਿੱਤਾ ਅਤੇ ‘ਆਦਿਤਿਆ-ਐੱਲ1’ ਸੂਰਜ ਦੇ ਰਹੱਸਾਂ ਨੂੰ ਉਜਾਗਰ ਕਰ ਰਿਹਾ ਹੈ। ਮੋਦੀ ਨੇ ਕਿਹਾ, ‘‘ਅੱਗੇ ਵਧਦੇ ਹੋਏ ਸਾਡਾ ਨਿਸ਼ਾਨਾ 2035 ਤੱਕ ਭਾਰਤੀ ਪੁਲਾੜ ਸਟੇਸ਼ਨ ਸਥਾਪਤ ਕਰਨਾ ਅਤੇ 2040 ਤੱਕ ਕਿਸੇ ਭਾਰਤੀ ਨੂੰ ਚੰਦਰਮਾ ’ਤੇ ਭੇਜਣਾ ਹੈ। ਇਨ੍ਹਾਂ ਸਾਰੇ ਯਤਨਾਂ ’ਚ ਸਾਡਾ ਮਾਰਗਦਰਸ਼ਕ ਸਿਧਾਂਤ ਸਪੱਸ਼ਟ ਰਿਹਾ ਹੈ- ਇਨ੍ਹਾਂ ਦੇ ਲਾਭ ਪੂਰੀ ਮਨੁੱਖਤਾ ਤੱਕ ਪਹੁੰਚਣੇ ਚਾਹੀਦੇ ਹਨ।’’ ਉਨ੍ਹਾਂ ਕਿਹਾ ਕਿ ਇਸਰੋ ਦੇ ਨਾਲ-ਨਾਲ ਭਾਰਤ ਦਾ ਨਿੱਜੀ ਪੁਲਾੜ ਖੇਤਰ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News