ਸੰਵਿਧਾਨਕ ਅਹੁਦੇ ’ਤੇ ਮੋਦੀ ਦੇ 25 ਸਾਲ : ਜਦੋਂ ਭਾਰਤ ਮੋਦੀਮਈ ਹੋ ਜਾਵੇਗਾ
Friday, Sep 11, 2026 - 11:32 AM (IST)
15 ਦਿਨਾਂ ਤੱਕ, ਭਾਰਤ ’ਚ ਸਿਆਸੀ ਗੱਲਬਾਤ ’ਚ ਇਕ ਹੀ ਵਿਸ਼ਾ ਹਾਵੀ ਰਹਿਣ ਵਾਲਾ ਹੈ : ਨਰਿੰਦਰ ਮੋਦੀ@25। ਭਾਜਪਾ ਅਤੇ ਉਸ ਦੀਆਂ ਸਰਕਾਰਾਂ ਪ੍ਰਧਾਨ ਮੰਤਰੀ ਦੇ ਸੰਵਿਧਾਨਕ ਜਨਤਕ ਜੀਵਨ ’ਚ 25 ਸਾਲ ਪੂਰੇ ਕਰਨ ’ਤੇ ਪੂਰੇ ਦੇਸ਼ ’ਚ ਵੱਡੇ ਪੱਧਰ ’ਤੇ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੀਆਂ ਹਨ, ਇਸ ਲਈ ਉਹ ਕੋਈ ਕਸਰ ਨਹੀਂ ਛੱਡ ਰਹੀਆਂ।
ਇਹ ਮੌਕਾ 17 ਸਤੰਬਰ ਤੋਂ 2 ਅਕਤੂਬਰ ਤੱਕ ਸਾਲਾਨਾ ‘ਸੇਵਾ ਪੰਦਰਵਾੜਾ’ ਵਜੋਂ ਮਨਾਇਆ ਜਾਵੇਗਾ। ਇਸ ਸਾਲ, ਇਸ ਦੀ ਯੋਜਨਾ ਬਹੁਤ ਵੱਡੇ ਪੱਧਰ ’ਤੇ ਬਣਾਈ ਜਾ ਰਹੀ ਹੈ। ਇਹ ਕੰਮ ਮੋਦੀ ਦੇ ਜਨਮ ਦਿਨ ’ਤੇ ਸ਼ੁਰੂ ਹੋਵੇਗਾ ਅਤੇ ਗਾਂਧੀ ਜਯੰਤੀ ’ਤੇ ਖਤਮ ਹੋਵੇਗਾ ਅਤੇ ਪੂਰਾ ਪੰਦਰਵਾੜਾ ਉਨ੍ਹਾਂ ਦੀ ਸਿਆਸੀ ਯਾਤਰਾ ਦੇ ਆਲੇ-ਦੁਆਲੇ ਸਾਵਧਾਨੀ ਨਾਲ ਕੋਰੀਓਗ੍ਰਾਫ ਕੀਤਾ ਜਾਵੇਗਾ- 2001 ’ਚ ਗੁਜਰਾਤ ਦੇ ਮੁੱਖ ਮੰਤਰੀ ਬਣਨ ਤੋਂ ਲੈ ਕੇ 2014 ਤੋਂ ਪ੍ਰਧਾਨ ਮੰਤਰੀ ਦੇ ਤੌਰ ’ਤੇ ਸੇਵਾ ਸ਼ੁਰੂ ਕਰਨ ਤੱਕ। ਯੋਜਨਾ ਬਹੁਤ ਵੱਡੀ ਹੈ। ਭਾਜਪਾ ਨੇ 13 ਵੱਡੇ ਸੇਵਾ-ਮੁਖੀ ਪ੍ਰੋਗਰਾਮ ਬਣਾਏ ਹਨ : ਖੂਨਦਾਨ ਕੈਂਪ, ਮੁਫਤ ਹੈਲਥ ਚੈੱਕਅਪ, ਪੌਦੇ ਲਗਾਉਣਾ, ਸਫਾਈ ਮੁਹਿੰਮ, ਪਾਣੀ ਦੀਆਂ ਯੋਜਨਾਵਾਂ ਅਤੇ ਦੂਸਰੇ ਇਨਫ੍ਰਾਸਟ੍ਰਕਚਰ ਪ੍ਰਾਜੈਕਟ।
ਇਸ ਦੇ ਨਾਲ ਹੀ ਇਕ ਬੌਧਿਕ ਅਤੇ ਵੱਡੇ ਪੱਧਰ ’ਤੇ ਪ੍ਰਚਾਰ-ਪ੍ਰਸਾਰ ਦਾ ਕੰਮ ਵੀ ਹੋਵੇਗਾ। ਸੈਮੀਨਾਰ, ਪ੍ਰਦਰਸ਼ਨੀ ਅਤੇ ਜਨਤਕ ਪ੍ਰੋਗਰਾਮਾਂ ’ਚ ਗਵਰਨੈਂਸ, ਵੈੱਲਫੇਅਰ ਅਤੇ ਵਿਕਾਸ ਦੇ ਨਜ਼ਰੀਏ ਤੋਂ ਮੋਦੀ ਦੀ ਕਹਾਣੀ ਦੱਸਣਗੇ। ਲਾਈਨ ’ਚ ਲੱਗੇ ਆਖਰੀ ਆਦਮੀ ਤੱਕ ਪਹੁੰਚਣ ਵਾਲੀਆਂ ਜਨਧਨ, ਉੱਜਵਲਾ, ਪੀ. ਐੱਮ.-ਕਿਸਾਨ, ਯੂ. ਪੀ. ਆਈ. ਅਤੇ ਦੂਸਰੀਆਂ ਵੱਡੀਆਂ ਪਹਿਲ-ਕਦਮੀਆਂ ਨੂੰ ਖਾਸ ਤੌਰ ’ਤੇ ਦਿਖਾਇਆ ਜਾਵੇਗਾ।
ਆਰਥਿਕ ਵਾਧੇ ਨੂੰ ਵੀ ਨਹੀਂ ਭੁਲਾਇਆ ਜਾਵੇਗਾ, ਕਿਉਂਕਿ 2026-27 ਦੀ ਪਹਿਲੀ ਤਿਮਾਹੀ ’ਚ ਭਾਰਤ ਦੀ ਰਿਪੋਰਟ ਕੀਤੀ ਗਈ 7.8 ਫੀਸਦੀ ਰੀਅਲ ਜੀ. ਡੀ. ਪੀ. ਗ੍ਰੋਥ ਮੋਦੀ-ਯੁੱਗ ਦੀ ਇਕ ਹੋਰ ਪ੍ਰਾਪਤੀ ਹੈ ਅਤੇ ਇਹ ਜਸ਼ਨ ਭਾਰਤ ਦੀਆਂ ਸਰਹੱਦਾਂ ’ਤੇ ਹੀ ਨਹੀਂ ਰੁਕੇਗਾ। ਵਿਦੇਸ਼ੀ ਨੇਤਾਵਾਂ ਦੇ ਸੰਦੇਸ਼ਾਂ ਨਾਲ ਇਕ ਅੰਤਰਰਾਸ਼ਟਰੀ ਪਹਿਲੂ ਜੁੜਨ ਦੀ ਉਮੀਦ ਹੈ। ਇਹ 15 ਦਿਨਾਂ ਦਾ ਨੈਸ਼ਨਲ ਸ਼ੋਅਕੇਸ ਹੈ- ਫੀਲਡ ’ਚ ਸੇਵਾ, ਸਕ੍ਰੀਨ ’ਤੇ ਪ੍ਰਾਪਤੀਆਂ ਅਤੇ ਕਹਾਣੀ ਦੇ ਕੇਂਦਰ ’ਚ ਮੋਦੀ- ਦੇਸ਼ ਥੋੜ੍ਹਾ ਹੋਰ ‘ਮੋਦੀਮਈ’ ਮਹਿਸੂਸ ਕਰ ਸਕਦਾ ਹੈ- ਇਕ ਮੋਦੀ-ਫਾਈਡ ਭਾਰਤ।
