BRICS Summit: ਜਿਨਪਿੰਗ, ਪੁਤਿਨ ਤੇ ਪੇਜ਼ੇਸ਼ਕੀਅਨ ਨਾਲ ਦੁਵੱਲੀ ਗੱਲਬਾਤ ਕਰਨਗੇ PM ਮੋਦੀ
Friday, Sep 11, 2026 - 12:39 PM (IST)
ਨਵੀਂ ਦਿੱਲੀ (ਏਜੰਸੀ)- ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਆ ਰਹੇ ਹਨ। ਇਹ 7 ਸਾਲਾਂ ਵਿੱਚ ਉਨ੍ਹਾਂ ਦਾ ਭਾਰਤ ਦਾ ਪਹਿਲਾ ਦੌਰਾ ਹੋਵੇਗਾ। ਇਸਨੂੰ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਕੇ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਇੱਕ ਮਹੱਤਵਪੂਰਨ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਸ਼ੀ ਜਿਨਪਿੰਗ ਨਾਲ ਦੁਵੱਲੀ ਗੱਲਬਾਤ ਕਰਨਗੇ। ਇਹ ਗੱਲਬਾਤ ਅਜਿਹੇ ਸਮੇਂ ਵਿੱਚ ਹੋਵੇਗੀ, ਜਦੋਂ ਦੁਨੀਆ ਭੂ-ਰਾਜਨੀਤਿਕ ਉਥਲ-ਪੁਥਲ ਵਿੱਚੋਂ ਗੁਜ਼ਰ ਰਹੀ ਹੈ।
ਸ਼ੀ ਜਿਨਪਿੰਗ ਦਾ ਭਾਰਤ ਦਾ 2 ਦਿਨਾਂ ਦੌਰਾ ਦੋਵਾਂ ਦੇਸ਼ਾਂ ਵਿਚਕਾਰ ਹਾਲ ਹੀ ਵਿੱਚ ਹੋਈਆਂ ਕਈ ਉੱਚ-ਪੱਧਰੀ ਗੱਲਬਾਤਾਂ ਤੋਂ ਬਾਅਦ ਹੋ ਰਿਹਾ ਹੈ, ਜਿਸ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਵਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵਿਚਕਾਰ ਬੀਜਿੰਗ ਵਿੱਚ ਵਿਸ਼ੇਸ਼ ਪ੍ਰਤੀਨਿਧੀ-ਪੱਧਰੀ ਗੱਲਬਾਤ ਸ਼ਾਮਲ ਹੈ। ਇਹ ਦੌਰਾ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ, ਜਦੋਂ ਅਰੁਣਾਚਲ ਪ੍ਰਦੇਸ਼ ਸੈਕਟਰ ਵਿੱਚ ਚੀਨ ਦੀਆਂ ਹਮਲਾਵਰ ਫੌਜੀ ਗਤੀਵਿਧੀਆਂ ਨੂੰ ਲੈ ਕੇ ਚਿੰਤਾਵਾਂ ਬਣੀਆਂ ਹੋਈਆਂ ਹਨ।
ਮੋਦੀ ਬ੍ਰਿਕਸ ਸੰਮੇਲਨ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਅਤੇ ਕਈ ਹੋਰ ਵਿਸ਼ਵ ਨੇਤਾਵਾਂ ਨਾਲ ਵੱਖ-ਵੱਖ ਦੁਵੱਲੀ ਗੱਲਬਾਤ ਕਰਨਗੇ। ਪੁਤਿਨ ਨਾਲ ਗੱਲਬਾਤ ਸ਼ੁੱਕਰਵਾਰ ਨੂੰ ਦੁਪਹਿਰ 3:30 ਵਜੇ ਹੋਣੀ ਹੈ, ਜਦੋਂ ਕਿ ਪੇਜ਼ੇਸ਼ਕੀਅਨ ਨਾਲ ਗੱਲਬਾਤ ਸ਼ਾਮ 6:15 ਵਜੇ ਹੋਣੀ ਹੈ। ਸ਼ੀ ਜਿਨਪਿੰਗ ਦੇ ਨਾਲ ਸਰਕਾਰੀ ਅਧਿਕਾਰੀਆਂ ਅਤੇ ਕਾਰੋਬਾਰੀ ਆਗੂਆਂ ਦਾ ਇੱਕ ਉੱਚ ਪੱਧਰੀ ਵਫ਼ਦ ਵੀ ਹੈ। ਪੂਰਬੀ ਲੱਦਾਖ 'ਚ ਲੰਬੇ ਸਮੇਂ ਤੋਂ ਜਾਰੀ ਸਰਹੱਦੀ ਤਣਾਅ ਕਾਰਨ ਰਿਸ਼ਤਿਆਂ 'ਚ ਆਈ ਤਲਖ਼ੀ ਨੂੰ ਘਟਾਉਣ ਲਈ ਦੋਵਾਂ ਧਿਰਾਂ ਨੇ ਪਿਛਲੇ ਇਕ ਸਾਲ ਵਿੱਚ ਕਈ ਕਦਮ ਚੁੱਕੇ ਹਨ।
ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਦੋ-ਰੋਜ਼ਾ ਬ੍ਰਿਕਸ ਸੰਮੇਲਨ ਲਈ ਦਿੱਲੀ ਪਹੁੰਚਣ ਵਾਲੇ ਹੋਰ ਪ੍ਰਮੁੱਖ ਨੇਤਾਵਾਂ ਵਿੱਚ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ, ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ, ਇੰਡੋਨੇਸ਼ੀਆਈ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ, ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਅਤੇ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਸ਼ਾਮਲ ਹਨ।
ਅਧਿਕਾਰੀਆਂ ਅਨੁਸਾਰ, ਸ਼ੀ ਜਿਨਪਿੰਗ ਸ਼ਨੀਵਾਰ ਨੂੰ ਦਿੱਲੀ ਪਹੁੰਚਣਗੇ ਅਤੇ ਮੋਦੀ ਨਾਲ ਉਨ੍ਹਾਂ ਦੀ ਮੁਲਾਕਾਤ ਉਸੇ ਦਿਨ ਸ਼ਾਮ 6 ਵਜੇ ਹੋਣੀ ਹੈ। ਮੋਦੀ ਅਤੇ ਸ਼ੀ ਜਿਨਪਿੰਗ ਨੇ ਪਿਛਲੇ ਸਾਲ 31 ਅਗਸਤ ਨੂੰ ਚੀਨ ਦੇ ਤਿਆਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਦੌਰਾਨ ਕਈ ਮੁੱਦਿਆਂ 'ਤੇ ਵਿਆਪਕ ਗੱਲਬਾਤ ਕੀਤੀ ਸੀ। ਦੱਸ ਦੇਈਏ ਕਿ ਭਾਰਤ ਬ੍ਰਿਕਸ ਦੇ ਮੌਜੂਦਾ ਪ੍ਰਧਾਨ ਵਜੋਂ ਇਸ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ।
