‘ਮੋਦੀ ਤੇਰੀ ਕਬਰ ਖੁਦੇਗੀ’ ਨਾਅਰੇ ’ਤੇ ਫਸੀ ਕਾਂਗਰਸ, ਖੜਗੇ, ਸੋਨੀਆ, ਰਾਹੁਲ ਤੇ ਪ੍ਰਿਯੰਕਾ ’ਤੇ ਪਟਨਾ ’ਚ ਕੇਸ
Tuesday, Dec 23, 2025 - 10:09 AM (IST)
ਨੈਸ਼ਨਲ ਡੈਸਕ- ਦਿੱਲੀ ਦੇ ਰਾਮਲੀਲਾ ਮੈਦਾਨ ’ਚ ਕਾਂਗਰਸ ਦੀ ਰੈਲੀ ਦੌਰਾਨ ‘ਮੋਦੀ ਤੇਰੀ ਕਬਰ ਖੁਦੇਗੀ’ ਨਾਅਰਾ ਲਾਏ ਜਾਣ ਦੇ ਮਾਮਲੇ ’ਚ ਬਿਹਾਰ ਦੀ ਰਾਜਧਾਨੀ ਪਟਨਾ ਦੇ ਸਿਵਲ ਕੋਰਟ ’ਚ ਕੇਸ ਦਾਇਰ ਹੋਇਆ ਹੈ। ਇਸ ਵਿਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਜ ਸਭਾ ਮੈਂਬਰ ਸੋਨੀਆ ਗਾਂਧੀ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਲੋਕ ਸਭਾ ਮੈਂਬਰ ਪ੍ਰਿਯੰਕਾ ਗਾਂਧੀ ਵਢੇਰਾ ਅਤੇ ਜੈਪੁਰ ਸ਼ਹਿਰ ਦੀ ਮਹਿਲਾ ਕਾਂਗਰਸ ਪ੍ਰਧਾਨ ਮੰਜੂਲਤਾ ਮੀਣਾ ਨੂੰ ਮੁਲਜ਼ਮ ਬਣਾਇਆ ਗਿਆ ਹੈ। ਸਾਰਿਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਭੜਕਾਊ ਭਾਸ਼ਣ ਦੇਣ ਦਾ ਦੋਸ਼ ਹੈ।
ਪਟਨਾ ਹਾਈ ਕੋਰਟ ਦੇ ਵਕੀਲ ਰਵੀ ਭੂਸ਼ਣ ਵਰਮਾ ਵੱਲੋਂ ਦਾਇਰ ਕੇਸ ਵਿਚ ਕਿਹਾ ਗਿਆ ਹੈ ਕਿ ਬੀਤੀ 14 ਦਸੰਬਰ ਨੂੰ ਕਾਂਗਰਸ ਵੱਲੋਂ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ‘ਵੋਟ ਚੋਰ ਗੱਦੀ ਛੋੜ’ ਸਭਾ ਦਾ ਆਯੋਜਨ ਕੀਤਾ ਗਿਆ ਸੀ। ਇਸ ਸਭਾ ਵਿਚ ਕਾਂਗਰਸ ਦੇ ਸਾਰੇ ਵੱਡੇ ਨੇਤਾਵਾਂ ਨੇ ਹਿੱਸਾ ਲਿਆ ਸੀ। ਮੰਚ ਤੋਂ ਸਾਰੇ ਮੁਲਜ਼ਮ ਸੀਨੀਅਰ ਕਾਂਗਰਸੀ ਨੇਤਾਵਾਂ ਦਾ ਭਾਸ਼ਣ ਹੋਇਆ ਅਤੇ ਉਸੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ‘ਮੋਦੀ ਤੇਰੀ ਕਬਰ ਖੁਦੇਗੀ, ਆਜ ਨਹੀਂ ਤੋ ਕਲ ਖੁਦੇਗੀ’ ਦਾ ਨਾਅਰਾ ਬੁਲੰਦ ਕੀਤਾ ਗਿਆ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਰੈਲੀ ਵਿਚ ਭੜਕਾਊ ਤੇ ਅਪਮਾਨਜਨਕ ਨਾਅਰੇ ਲਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੌਤ ਦੀ ਧਮਕੀ ਦਿੱਤੀ ਗਈ। ਇਹ ਇਕ ਅਪਰਾਧਕ ਕਾਰਾ ਹੈ ਅਤੇ ਕਾਂਗਰਸ ਦੇ ਕਿਸੇ ਵੀ ਸੀਨੀਅਰ ਨੇਤਾ ਨੇ ਇਸ ’ਤੇ ਅਫਸੋਸ ਤੱਕ ਪ੍ਰਗਟ ਨਹੀਂ ਕੀਤਾ।
