ਪ੍ਰਿਯੰਕਾ : ਸਟਾਰ ਖਿਡਾਰੀ ਅਜੇ ਵੀ ਬੈਂਚ ’ਤੇ
Sunday, Feb 15, 2026 - 12:13 AM (IST)
ਨੈਸ਼ਨਲ ਡੈਸਕ- ਪ੍ਰਿਯੰਕਾ ਗਾਂਧੀ ਵਢੇਰਾ ਅੱਜ ਕਾਂਗਰਸ ਦੇ ਜਾਣੇ-ਪਛਾਣੇ ਮਾਹੌਲ ’ਚ ਰਹਿੰਦੀ ਹੈ। ਸਟੇਡੀਅਮ ’ਚ ਭੀੜ ਉਨ੍ਹਾਂ ਦੇ ਨਾਂ ਦੇ ਜੈਕਾਰੇ ਲਾ ਰਹੀ ਹੈ ਪਰ ਪਾਰਟੀ ਦੇ ਕੋਚ ਅਜੇ ਵੀ ਉਨ੍ਹਾਂ ਨੂੰ ਮੁੱਖ ਮੁਕਾਬਲੇ ’ਚ ਉਤਾਰਨ ਤੋਂ ਝਿਜਕ ਰਹੇ ਹਨ।
ਰਾਸ਼ਟਰੀ ਪੱਧਰ ’ਤੇ ਵੱਡੀ ਭੂਮਿਕਾ ਲਈ ਕਾਂਗਰਸ ਅੰਦਰ ਵਧ ਰਹੇ ਸੱਦਿਆਂ ਦੇ ਬਾਵਜੂਦ ਉਨ੍ਹਾਂ ਦਾ ਨਵਾਂ ਕੰਮ ਹੈਰਾਨੀਜਨਕ ਢੰਗ ਨਾਲ ਮਾਮੂਲੀ ਹੈ। ਉਹ ਹੈ ਆਉਣ ਵਾਲੀਆਂ ਆਸਾਮ ਵਿਧਾਨ ਸਭਾ ਚੋਣਾਂ ਲਈ ਚੋਣ ਕਮੇਟੀ ਦੀ ਪ੍ਰਧਾਨਗੀ।
ਅਸਲ ’ਚ ਉਹ ਨਾ ਤਾਂ ਚੋਣ ਮੁਹਿੰਮ ਦੀ ਅਗਵਾਈ ਕਰ ਰਹੀ ਹੈ ਤੇ ਨਾ ਹੀ ਸੂਬਾਈ ਇਕਾਈ ਚਲਾ ਰਹੀ ਹੈ। ਇਸ ਦੀ ਬਜਾਏ ਦੂਜਿਆਂ ਵੱਲੋਂ ਤਿਆਰ ਕੀਤੇ ਉਮੀਦਵਾਰਾਂ ਦੀ ਇਕ ਛੋਟੀ ਸੂਚੀ ਦੀ ਨਿਗਰਾਨੀ ਕਰ ਰਹੀ ਹੈ।
ਇਕ ਨੇਤਾ ਜਿਸ ਨੇ ਸੰਸਦ ’ਚ ਜੋਸ਼ ਤੇ ਭਰੋਸਾ ਵਿਖਾਇਆ, ਲਈ ਇਹ ਕਦਮ ਤਰੱਕੀ ਨਾਲੋਂ ਇਕ ਹੋਰ ਸਿਖਲਾਈ ਅਭਿਆਸ ਵਰਗਾ ਜਾਪਦਾ ਹੈ। ਅਜਿਹਾ ਲੱਗਦਾ ਹੈ ਕਿ ਆਸਾਮ ’ਚ ਉਨ੍ਹਾਂ ਕਪਤਾਨੀ ਨਹੀਂ, ਅਭਿਆਸ ਕਰਨਾ ਹੈ। ਇਕ ਕੰਟਰੋਲ ਵਾਲੀ ਭੂਮਿਕਾ ’ਚ ਰਹਿਣਾ ਹੈ ਜਿੱਥੇ ਸਿਆਸੀ ਚਾਲਾਂ ਲਈ ਸੀਮਤ ਗੁੰਜਾਇਸ਼ ਹੈ। ਪਾਰਟੀ ’ਚ ਬਹੁਤ ਸਾਰੇ ਲੋਕ ਦਲੀਲ ਦਿੰਦੇ ਹਨ ਕਿ ਨਹਿਰੂ-ਗਾਂਧੀ ਪਰਿਵਾਰ ਦੇ ਮੈਂਬਰਾਂ ਨੂੰ ਤਕਨੀਕੀ ਕਮੇਟੀ ਦੇ ਕੰਮ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਦੀ ਭੂਮਿਕਾ ਵਿਆਪਕ ਵਿਚਾਰਧਾਰਕ ਦਿਸ਼ਾ ਪ੍ਰਦਾਨ ਕਰਨਾ, ਵਰਕਰਾਂ ਨੂੰ ਊਰਜਾਵਾਨ ਬਣਾਉਣਾ ਤੇ ਰਾਸ਼ਟਰੀ ਸੰਦੇਸ਼ ਨੂੰ ਆਕਾਰ ਦੇਣਾ ਹੈ।
ਤ੍ਰਾਸਦੀ ਇਹ ਹੈ ਕਿ ਉੱਤਰ ਪ੍ਰਦੇਸ਼ ’ਚ ਪ੍ਰਿਯੰਕਾ ਨੂੰ ਪਿਛਲੇ ਸਮੇਂ ਜੋ ਜ਼ਿੰਮੇਵਾਰੀ ਸੌਂਪੀ ਗਈ, ਮਾੜੇ ਨਤੀਜਿਆਂ ਤੋਂ ਬਾਅਦ ਆਸਾਨੀ ਨਾਲ ਉਸ ’ਤੇ ਅਸਫਲਤਾ ਦਾ ਲੇਬਲ ਲਾ ਦਿੱਤਾ ਗਿਆ ਸੀ। ਇਹ ਉਨ੍ਹਾਂ ਨੂੰ ਸੂਬੇ ਦਾ ਚਾਰਜ ਸੌਂਪੇ ਜਾਣ ਤੋਂ ਪਹਿਲਾਂ ਹੀ ਪਤਾ ਸੀ। ਹੁਣ ਆਸਾਮ ਵੀ ਉਨ੍ਹਾਂ ਵਿਰੁੱਧ ਇਕ ਹੋਰ ‘ਸਕੋਰ ਬੋਰਡ’ ਬਣਨ ਦਾ ਖਤਰਾ ਬਣ ਰਿਹਾ ਹੈ। ਸਵਾਲ ਇਹ ਉੱਠਦਾ ਹੈ ਕਿ ਕੀ ਪ੍ਰਿਯੰਕਾ ਨੂੰ ਲੀਡਰਸ਼ਿਪ ਲਈ ਤਿਆਰ ਕੀਤਾ ਜਾ ਰਿਹਾ ਹੈ ਜਾਂ ਉਨ੍ਹਾਂ ਨੂੰ ਸਥਾਈ ਤੌਰ ’ਤੇ ਬੈਂਚ ’ਤੇ ਬਿਠਾ ਦਿੱਤਾ ਜਾਏਗਾ?
