PM ਮੋਦੀ ਨੇ 6,957 ਕਰੋੜ ਰੁਪਏ ਦੇ ਕਾਜ਼ੀਰੰਗਾ ਕੋਰੀਡੋਰ ਦਾ ਰੱਖਿਆ ਨੀਂਹ ਪੱਥਰ; 2 ਅੰਮ੍ਰਿਤ ਭਾਰਤ ਟਰੇਨਾਂ ਨੂੰ ਦਿਖਾਈ ਹਰੀ ਝੰਡੀ
Sunday, Jan 18, 2026 - 12:15 PM (IST)
ਨਗਾਓਂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਸਾਮ ਦੇ ਨਗਾਓਂ ਜ਼ਿਲ੍ਹੇ 'ਚ 6,957 ਕਰੋੜ ਰੁਪਏ ਦੀ ਲਾਗਤ ਵਾਲੇ ਕਾਜ਼ੀਰੰਗਾ ਐਲੀਵੇਟਿਡ ਕੋਰੀਡੋਰ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਅਤੇ 2 ਅੰਮ੍ਰਿਤ ਭਾਰਤ ਐਕਸਪ੍ਰੈੱਸ ਟਰੇਨਾਂ ਨੂੰ ਡਿਜੀਟਲ ਮਾਧਿਅਮ ਰਾਹੀਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਆਸਾਮ ਦੀ ਆਪਣੀ ਦੋ ਦਿਨਾਂ ਯਾਤਰਾ ਦੇ ਅੰਤਿਮ ਪੜਾਅ ਦੌਰਾਨ ਪ੍ਰਧਾਨ ਮੰਤਰੀ ਨੇ ਇਸ ਮਹੱਤਵਪੂਰਨ ਪ੍ਰਾਜੈਕਟ ਦੇ 'ਭੂਮੀ ਪੂਜਨ' 'ਚ ਹਿੱਸਾ ਲਿਆ ਅਤੇ ਕੋਰੀਡੋਰ ਦੇ ਇਕ ਮਾਡਲ ਦਾ ਨਿਰੀਖਣ ਵੀ ਕੀਤਾ।
ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਸੈਰ-ਸਪਾਟੇ ਨੂੰ ਮਿਲੇਗਾ ਹੁਲਾਰਾ
ਇਹ ਕੋਰੀਡੋਰ ਕਾਜ਼ੀਰੰਗਾ ਨੈਸ਼ਨਲ ਪਾਰਕ ਅਤੇ ਟਾਈਗਰ ਰਿਜ਼ਰਵ ਦੇ ਨੇੜੇ ਜੰਗਲੀ ਜੀਵਾਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਬਣਾਇਆ ਜਾ ਰਿਹਾ ਹੈ। ਇਸ ਦਾ ਮੁੱਖ ਉਦੇਸ਼ ਰਾਸ਼ਟਰੀ ਰਾਜਮਾਰਗ-715 'ਤੇ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਣਾ ਅਤੇ ਈਕੋ-ਟੂਰਿਜ਼ਮ (ਈਕੋ ਸੈਰ-ਸਪਾਟਾ) ਨੂੰ ਉਤਸ਼ਾਹਿਤ ਕਰਨਾ ਹੈ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ ਕਿ ਇਹ ਪ੍ਰਾਜੈਕਟ ਖਾਸ ਤੌਰ 'ਤੇ ਮਾਨਸੂਨ ਦੇ ਸਮੇਂ ਜਾਨਵਰਾਂ ਦੀ ਸੁਰੱਖਿਆ 'ਚ ਮਹੱਤਵਪੂਰਨ ਯੋਗਦਾਨ ਪਾਵੇਗਾ। ਇਸ ਨਾਲ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।
ਪ੍ਰਾਜੈਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ:
ਇਹ ਕੋਰੀਡੋਰ ਲਗਭਗ 34.45 ਕਿਲੋਮੀਟਰ ਲੰਬਾ ਹੋਵੇਗਾ ਅਤੇ ਇਹ ਜੰਗਲੀ ਜੀਵਾਂ ਦੇ ਅਨੁਕੂਲ ਤਿਆਰ ਕੀਤਾ ਜਾਵੇਗਾ। ਇਹ ਪ੍ਰਾਜੈਕਟ ਰਾਸ਼ਟਰੀ ਰਾਜਮਾਰਗ-715 ਦੇ ਕਲਿਆਬੋਰ-ਨੁਮਲੀਗੜ੍ਹ ਖੰਡ ਨੂੰ ਚੌੜਾ ਕਰਨ ਦੀ ਮੁਹਿੰਮ ਦਾ ਹਿੱਸਾ ਹੈ। ਇਸ ਦੇ ਨਾਲ ਹੀ ਜਖਲਾਬੰਧਾ ਅਤੇ ਬੋਕਾਖਾਤ 'ਚ ਬਾਈਪਾਸ ਵੀ ਬਣਾਏ ਜਾਣਗੇ।
ਰੇਲਵੇ ਕਨੈਕਟੀਵਿਟੀ 'ਚ ਸੁਧਾਰ
ਪ੍ਰਧਾਨ ਮੰਤਰੀ ਨੇ 2 ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈੱਸ ਟਰੇਨਾਂ- ਡਿਬਰੂਗੜ੍ਹ-ਗੋਮਤੀ ਨਗਰ (ਲਖਨਊ) ਅਤੇ ਕਾਮਾਖਿਆ-ਰੋਹਤਕ ਨੂੰ ਵੀ ਹਰੀ ਝੰਡੀ ਦਿਖਾਈ। ਇਹ ਟਰੇਨਾਂ ਆਸਾਮ ਅਤੇ ਪੱਛਮੀ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਵਰਗੇ ਸੂਬਿਆਂ ਵਿਚਕਾਰ ਰੇਲ ਸੰਪਰਕ ਨੂੰ ਮਜ਼ਬੂਤ ਕਰਨਗੀਆਂ। ਅਧਿਕਾਰੀਆਂ ਅਨੁਸਾਰ, ਇਨ੍ਹਾਂ ਟਰੇਨਾਂ ਨਾਲ ਯਾਤਰਾ ਦਾ ਸਮਾਂ ਘੱਟ ਜਾਵੇਗਾ ਅਤੇ ਯਾਤਰੀਆਂ ਨੂੰ ਆਧੁਨਿਕ ਸਹੂਲਤਾਂ ਮਿਲਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
