ਪੁੰਛ ’ਚ LOC ’ਤੇ ਨਾਰਕੋ-ਟੈਰਰ ਮਾਡਿਊਲ ਦਾ ਪਰਦਾਫਾਸ਼, 15 ਹਜ਼ਾਰ ਅਮਰੀਕੀ ਡਾਲਰ ਤੇ ਹਥਿਆਰ ਬਰਾਮਦ

Saturday, Mar 04, 2023 - 10:23 AM (IST)

ਪੁੰਛ ’ਚ LOC ’ਤੇ ਨਾਰਕੋ-ਟੈਰਰ ਮਾਡਿਊਲ ਦਾ ਪਰਦਾਫਾਸ਼, 15 ਹਜ਼ਾਰ ਅਮਰੀਕੀ ਡਾਲਰ ਤੇ ਹਥਿਆਰ ਬਰਾਮਦ

ਪੁੰਛ (ਧਨੁਜ)- ਜੰਮੂ ਕਸ਼ਮੀਰ ਪੁੰਛ ਜ਼ਿਲ੍ਹੇ ’ਚ ਕੰਟਰੋਲ ਲਾਈਨ ’ਤੇ ਜੰਮੂ-ਕਸ਼ਮੀਰ ਪੁਲਸ ਅਤੇ ਸੁਰੱਖਿਆ ਦਸਤਿਆਂ ਨੇ ਨਾਰਕੋ-ਟੈਰਰ ਮਾਡਿਊਲ ਦਾ ਭਾਂਡਾ ਭੰਨ੍ਹਿਆ ਹੈ। ਇਸ ਦੌਰਾਨ ਸੁਰੱਖਿਆ ਦਸਤਿਆਂ ਨੇ 15 ਹਜ਼ਾਰ ਅਮਰੀਕੀ ਡਾਲਰ, 2.93 ਕਰੋੜ ਰੁਪਏ ਦੀ ਨਕਦੀ, 7 ਕਿਲੋ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ ਹਨ। ਬਰਾਮਦ ਨਕਦੀ ਜ਼ਿਆਦਾ ਹੋ ਸਕਦੀ ਹੈ, ਜਿਸ ਨੂੰ ਅਜੇ ਵਿਸਥਾਰ ਨਾਲ ਗਿਣਿਆ ਜਾਣਾ ਬਾਕੀ ਹੈ। 

ਜੰਮੂ-ਕਸ਼ਮੀਰ ਪੁਲਸ ਅਤੇ ਸੁਰੱਖਿਆ ਦਸਤਿਆਂ ਨੂੰ ਪੱਕੀ ਸੂਚਨਾ ਮਿਲੀ ਸੀ ਕਿ ਨਸ਼ਾ ਸਮੱਗਲਰ ਦੇ ਘਰ ’ਤੇ ਵੱਡੀ ਮਾਤਰਾ ’ਚ ਨਸ਼ੇ ਵਾਲਾ ਪਦਾਰਥ, ਨਕਦੀ ਅਤੇ ਹਥਿਆਰ ਰੱਖੇ ਹੋਏ ਹਨ, ਜਿਸ ’ਤੇ ਪੁਲਸ ਨੇ ਸੀ.ਆਰ.ਪੀ.ਐੱਫ. ਅਤੇ ਫ਼ੌਜ ਦੇ ਸਹਿਯੋਗ ਨਾਲ ਨਸ਼ਾ ਸਮੱਗਲਰ ਦੇ ਘਰ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਨਸ਼ੇ ਦੀ ਖੇਪ, ਨਕਦੀ ਅਤੇ ਹਥਿਆਰ ਬਰਾਮਦ ਹੋਏ। ਸੁਰੱਖਿਆ ਦਸਤਿਆਂ ਨੂੰ ਇਹ ਬਰਾਮਦਗੀ ਜ਼ਿਲ੍ਹੇ ਦੀ ਮੰਡੀ ਤਹਿਸੀਲ ’ਚ ਭਾਰਤ-ਪਾਕਿਸਤਾਨ ਕੰਟਰੋਲ ਲਾਈਨ ਨੇੜੇ ਸਥਿਤ ਡਨਾ ’ਚ ਹੋਈ। ਇਸ ਨਸ਼ਾ ਸਮੱਗਲਰ ਦੀ ਪਛਾਣ ਰਫੀ ਧਨਾ ਉਰਫ਼ ਰਫੀ ਲਾਲਾ ਦੇ ਰੂਪ ’ਚ ਹੋਈ ਹੈ। ਸਮੱਗਲਰ ਦੇ ਘਰ ਤੋਂ 1 ਪਿਸਟਲ, 1 ਮੈਗਜ਼ੀਨ, 10 ਰਾਊਂਡ ਐੱਸ.ਐੱਲ.ਆਰ. ਦੇ ਬਰਾਮਦ ਹੋਏ ਹਨ। 


author

DIsha

Content Editor

Related News