539 ਸਾਲ ਪੁਰਾਣਾ ਹੈ ''ਕੱਚ ਦਾ ਮੰਦਰ'', ਰਹੱਸਮਈ ਤਾਲੇ ਦੀ ਅਣਸੁਲਝੀ ਪਹੇਲੀ
Thursday, Sep 05, 2024 - 02:54 PM (IST)
ਨਾਗੌਰ- ਰਾਜਸਥਾਨ ਦੇ ਨਾਗੌਰ ਸ਼ਹਿਰ 'ਚ ਜੈਨ ਧਰਮ ਦੇ ਪ੍ਰਥਮ ਤੀਰਥਕਰ ਭਗਵਾਨ ਰਿਸ਼ਭਦੇਵ ਦਾ 539 ਸਾਲ ਪੁਰਾਣਾ ਮੰਦਰ ਸਥਿਤ ਹੈ। ਇਹ ਮੰਦਰ ਧਾਰਮਿਕ ਅਤੇ ਸੈਲਾਨੀਆਂ ਦੋਹਾਂ ਲਈ ਖ਼ਾਸ ਖਿੱਚ ਦਾ ਕੇਂਦਰ ਹੈ। ਇਸ ਮੰਦਰ ਵਿਚ ਭਗਵਾਨ ਰਿਸ਼ਭਦੇਵ ਦੀ ਅਸ਼ਟਧਾਤੂ ਨਾਲ ਬਣੀ ਮੂਰਤੀ ਸਥਾਪਤ ਹਨ, ਜੋ ਸ਼ਹਿਰ ਦੇ ਖੱਤਰੀਪੁਰਾ ਵਿਚ ਚੋਰਡੀਆ ਪਰਿਵਾਰ ਦੇ ਘਰ ਤੋਂ ਪ੍ਰਾਪਤ ਕੀਤੀ ਗਈ ਸੀ। ਇਹ ਮੂਰਤੀ ਸੰਵਤ 1541 'ਚ ਇਸ ਮੰਦਰ ਵਿਚ ਸਥਾਪਿਤ ਕੀਤੀ ਗਈ ਸੀ।
ਮੰਦਰ 'ਚ ਕੱਚ ਅਤੇ ਚਾਂਦੀ ਦੀ ਅਦਭੁੱਤ ਨੱਕਾਸ਼ੀ
ਮੰਦਰ ਦੀ ਖਾਸੀਅਤ ਇਸ ਦੀ ਕੱਚ ਅਤੇ ਚਾਂਦੀ ਦੀ ਅਦਭੁੱਤ ਨੱਕਾਸ਼ੀ ਹੈ, ਜਿਸ ਕਾਰਨ ਇਸ ਨੂੰ 'ਕੱਚ ਦਾ ਮੰਦਰ' ਕਿਹਾ ਜਾਂਦਾ ਹੈ। ਮੰਦਰ ਦੀ ਕੱਚ ਦੀ ਸਜਾਵਟ ਨੱਕਾਸ਼ੀ ਅਤੇ ਡਿਜ਼ਾਈਨ ਲਈ ਇਹ ਦੇਸ਼ ਭਰ ਵਿਚ ਪ੍ਰਸਿੱਧ ਹੈ। ਮੰਦਰ 'ਚ ਭਗਵਾਨ ਰਿਸ਼ਭਦੇਵ ਦੀ ਮੂਰਤੀ ਦੇ ਖੱਬੇ ਹਿੱਸੇ 'ਚ ਭਗਵਾਨ ਪਾਰਸ਼ਵਨਾਥ ਅਤੇ ਸੱਜੇ ਪਾਸੇ ਭਗਵਾਨ ਅਦੇਸ਼ਵਰ ਦੀਆਂ ਮੂਰਤੀਆਂ ਵੀ ਸਥਾਪਤ ਹਨ। ਇੱਥੇ ਗਿਰਨਾਰ, ਪਾਵਾਪੁਰੀ, ਸ਼ਤਰੂਜਾ ਮਹਾਤੀਰਥ ਅਤੇ ਸੰਮੇਦ ਸ਼ਿਖਰਜੀ ਵਰਗੇ ਤੀਰਥ ਸਥਾਨਾਂ ਦੀਆਂ ਸਾਲਾਂ ਪੁਰਾਣੀਆਂ ਤਖ਼ਤੀਆਂ ਵੀ ਇੱਥੇ ਸਥਾਪਤ ਕੀਤੀਆਂ ਗਈਆਂ ਹਨ। ਇਹ ਮੰਦਰ ਜੈਨ ਸ਼ਰਧਾਲੂਆਂ ਦੇ ਨਾਲ-ਨਾਲ ਦੇਸੀ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਵੀ ਆਕਰਸ਼ਿਤ ਕਰਦਾ ਹੈ।
ਦਰਵਾਜ਼ਿਆਂ 'ਤੇ ਲੱਗੇ ਤਾਲਿਆਂ ਦਾ ਭੇਤ ਅਜੇ ਵੀ ਬਰਕਰਾਰ
ਮੰਦਰ ਟਰੱਸਟ ਦੇ ਪ੍ਰਧਾਨ ਧੀਰੇਂਦਰ ਸਮਦਾਦੀਆ ਨੇ ਦੱਸਿਆ ਕਿ 'ਕੱਚ ਦਾ ਮੰਦਰ' ਨਾਗੌਰ ਦੇ ਜੈਨ ਸ਼ਵੇਤਾਂਬਰ ਮੰਦਰ ਮਾਰਗੀ ਟਰੱਸਟ ਦੇ ਅਧੀਨ ਹੈ। ਮੰਦਰ ਦੇ ਦਰਵਾਜ਼ੇ ਹਾਥੀ ਦੰਦ ਨਾਲ ਉੱਕਰੇ ਹੋਏ ਹਨ, ਜੋ ਕਿ ਬਹੁਤ ਸੁੰਦਰ ਅਤੇ ਵਿਲੱਖਣ ਹਨ ਪਰ ਦਰਵਾਜ਼ਿਆਂ 'ਤੇ ਲੱਗੇ ਤਾਲੇ ਦਾ ਭੇਤ ਅਜੇ ਤੱਕ ਹੱਲ ਨਹੀਂ ਹੋਇਆ ਹੈ। ਇਸ ਸਬੰਧੀ ਕਈ ਕਾਰੀਗਰਾਂ ਨੂੰ ਬੁਲਾ ਕੇ ਤਾਲੇ ਦੀ ਵਿਧੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਪਰ ਪਤਾ ਨਹੀਂ ਲੱਗ ਸਕਿਆ।