ਮੈਸੂਰ ਦੀ ਰਾਜਮਾਤਾ ਨੇ ਤਿਰੂਮਾਲਾ ਮੰਦਰ ਨੂੰ ਦਾਨ ਕੀਤੇ 100 ਕਿਲੋ ਚਾਂਦੀ ਦੇ ਦੀਵੇ
Tuesday, May 20, 2025 - 11:04 AM (IST)

ਨੈਸ਼ਨਲ ਡੈਸਕ- ਕਰਨਾਟਕ ਦੇ ਮੈਸੂਰ ਦੀ ਰਾਜਮਾਤਾ ਪ੍ਰਮੋਦਾ ਦੇਵੀ ਵਾਡੀਆਰ ਨੇ ਸੋਮਵਾਰ ਨੂੰ ਤਿਰੂਮਾਲਾ ਦੇ ਭਗਵਾਨ ਵੈਂਕਟੇਸ਼ਵਰ ਦੇ ਮੰਦਰ ਨੂੰ ਦੋ ਵਿਸ਼ਾਲ ਆਕਾਰ ਦੇ ਚਾਂਦੀ ਦੇ ਦੀਵੇ ਭੇਟ ਕੀਤੇ, ਹਰੇਕ ਦਾ ਭਾਰ 50 ਕਿਲੋਗ੍ਰਾਮ ਹੈ ਅਤੇ ਜਿਸ ਨੂੰ 'ਅਖੰਡ ਦੀਪਾਲੂ' ਕਿਹਾ ਜਾਂਦਾ ਹੈ। ਰਾਜਮਾਤਾ ਨੇ ਚਾਂਦੀ ਦੇ ਦੀਵਿਆਂ ਦਾ ਜੋੜਾ ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀ. ਟੀ. ਡੀ) ਦੇ ਚੇਅਰਮੈਨ ਬੀ.ਆਰ. ਨਾਇਡੂ ਅਤੇ ਵਧੀਕ ਕਾਰਜਕਾਰੀ ਅਧਿਕਾਰੀ ਵੈਂਕਈਆ ਚੌਧਰੀ ਨੂੰ ਸੌਂਪੇ। ਰਾਜਮਾਤਾ ਨੇ ਦੀਵੇ ਦਾਨ ਕਰ ਕੇ 300 ਸਾਲ ਪੁਰਾਣੀ ਪਰੰਪਰਾ ਨੂੰ ਮੁੜ ਜੀਵਤ ਕੀਤਾ ਹੈ। ਰਿਕਾਰਡਾਂ ਵਿਚ 300 ਸਾਲ ਪਹਿਲਾਂ ਮੈਸੂਰ ਸਮਰਾਜ ਵਲੋਂ ਮੰਦਰ ਨੂੰ ਚਾਂਦੀ ਦੇ ਦੀਵਿਆਂ ਦੇ ਦਾਨ ਦਾ ਜ਼ਿਕਰ ਹੈ। ਇਹ ਦੀਵੇ ਪਵਿੱਤਰ ਸਥਾਨ ਦੇ ਅੰਦਰ ਜਗਾਏ ਜਾਂਦੇ ਹਨ।
ਲਗਭਗ 100 ਕਿਲੋਗ੍ਰਾਮ ਭਾਰ ਵਾਲੇ ਇਨ੍ਹਾਂ ਚਾਂਦੀ ਦੇ ਦੀਵਿਆਂ ਨੂੰ ਅਖੰਡ ਦੀਵਿਆਂ ਵਜੋਂ ਵਰਤਿਆ ਜਾਵੇਗਾ। ਮੰਦਰ ਦੇ ਗਰਭ ਗ੍ਰਹਿ ਵਿਚ ਦਿਨ ਰਾਤ ਜਗਦੇ ਅਖੰਡ ਦੀਵਿਆਂ ਨੂੰ ਪਰਮਾਤਮਾ ਦੀ ਸਦੀਵੀ ਮੌਜੂਦਗੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮੈਸੂਰ ਦੀ ਰਾਜਮਾਤਾ ਦੇ ਇਸ ਦਾਨ ਨੇ ਮੰਦਰ 'ਚ 300 ਸਾਲ ਪੁਰਾਣੀ ਪਰੰਪਰਾ ਨੂੰ ਮੁੜ ਜੀਵਤ ਕੀਤਾ। ਮੰਦਰ ਅਤੇ ਮੈਸੂਰ ਪੈਲਸ ਦੇ ਇਤਿਹਾਸਕ ਰਿਕਾਰਡਾਂ ਮੁਤਾਬਕ ਇੱਥੋਂ ਦੇ ਤਤਕਾਲੀ ਮਹਾਰਾਜਾ ਨੇ 18ਵੀਂ ਸਦੀ ਵਿਚ ਤਿਰੂਮਲਾ ਮੰਦਰ ਨੂੰ ਇਸੇ ਤਰ੍ਹਾਂ ਦੇ ਚਾਂਦੀ ਦੇ ਦੀਵੇ ਦਾਨ ਕੀਤੇ ਸਨ।
ਦੱਸ ਦੇਈਏ ਕਿ ਰਾਜਮਾਤਾ ਪ੍ਰਮੋਦਾ ਦੇਵੀ ਵਾਡੀਆਰ ਕਲਾ, ਸੱਭਿਆਚਾਰ ਅਤੇ ਧਾਰਮਿਕ ਸੰਸਥਾਵਾਂ ਦੀ ਸਰਪ੍ਰਸਤ ਹੈ। ਪ੍ਰਮੋਦਾ ਦੇਵੀ ਵਾਡੀਆਰ ਨੇ ਮੈਸੂਰ ਰਾਜਵੰਸ਼ ਵਲੋਂ ਸਥਾਪਤ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਮੰਦਰ ਅਧਿਕਾਰੀਆਂ ਅਤੇ ਸ਼ਰਧਾਲੂਆਂ ਵਲੋਂ ਉਨ੍ਹਾਂ ਦੇ ਦਾਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ।