ਅੰਡੇਮਾਨ ਨੇੜੇ ਕੋਕੋ ਟਾਪੂ 'ਤੇ ਮਿਆਂਮਾਰ ਵੱਲੋਂ ਨੇਵੀ ਬੇਸ ਦਾ ਨਿਰਮਾਣ ਭਾਰਤ ਲਈ ਖ਼ਤਰੇ ਦੀ ਘੰਟੀ
Sunday, Apr 02, 2023 - 07:23 PM (IST)
ਇੰਟਰਨੈਸ਼ਨਲ ਡੈਸਕ : ਮਿਆਂਮਾਰ ਅੰਡੇਮਾਨ ਨਿਕੋਬਾਰ ਦੇ ਕੋਲ ਕੋਕੋ ਆਈਲੈਂਡ ਕੋਲ ਵੱਡੇ ਪੱਧਰ 'ਤੇ ਫੌਜੀ ਨਿਰਮਾਣ ਕਰ ਰਿਹਾ ਹੈ, ਜਿਸ ਨੂੰ ਭਾਰਤ ਲਈ ਖ਼ਤਰੇ ਦੀ ਘੰਟੀ ਮੰਨਿਆ ਜਾ ਰਿਹਾ ਹੈ। ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਇੱਥੇ ਰਨਵੇਅ, ਹੈਂਗਰ ਅਤੇ ਰਾਡਾਰ ਸਟੇਸ਼ਨ ਸਮੇਤ ਹੋਰ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਸੈਟੇਲਾਈਟ ਤੋਂ ਲਈਆਂ ਗਈਆਂ ਤਾਜ਼ਾ ਤਸਵੀਰਾਂ 'ਚ ਤੇਜ਼ੀ ਨਾਲ ਨਿਰਮਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਉਸਾਰੀਆਂ 'ਚ 2,300 ਮੀਟਰ ਦਾ ਰਨਵੇ ਸਾਫ਼ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : ਪੋਰਨ ਸਟਾਰ ਸਕੈਂਡਲ : ਆਤਮ-ਸਮਰਪਣ ਕਰਨ ’ਤੇ ਟ੍ਰੰਪ ਨੂੰ ਨਹੀਂ ਲੱਗੇਗੀ ਹੱਥਕੜੀ
ਮਾਹਿਰ ਕੋਕੋ ਆਈਲੈਂਡ 'ਤੇ ਅਜਿਹੀਆਂ ਨਵੀਆਂ ਗਤੀਵਿਧੀਆਂ ਪਿੱਛੇ ਚੀਨ ਦਾ ਹੱਥ ਦੱਸ ਰਹੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਅੰਡੇਮਾਨ ਅਤੇ ਨਿਕੋਬਾਰ ਟਾਪੂ ਭਾਰਤ ਦੇ ਪੂਰਬੀ ਤੱਟ ਤੋਂ 1,200 ਕਿਲੋਮੀਟਰ ਦੂਰ ਹਨ। ਦੱਸਣਯੋਗ ਹੈ ਕਿ ਭਾਰਤ 572 ਟਾਪੂਆਂ ਵਾਲੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 'ਚ ਆਪਣੇ ਹਿੱਸੇ 'ਤੇ ਬੁਨਿਆਦੀ ਢਾਂਚਾ ਬਣਾ ਰਿਹਾ ਹੈ। ਇਸ ਕਾਰਨ ਚੀਨ ਕਿਤੇ ਨਾ ਕਿਤੇ ਬੌਖਲਾਇਆ ਹੋਇਆ ਹੈ। ਅਜਿਹੇ 'ਚ ਉਹ ਕੋਈ ਵੀ ਨਵੀਂ ਚਾਲ ਅਜ਼ਮਾ ਸਕਦਾ ਹੈ। ਕੋਕੋ ਟਾਪੂ ਭਾਰਤੀ ਦੀਪ ਸਮੂਹ ਦੇ ਉੱਤਰ ਵੱਲ ਲਗਭਗ 42-55 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਹਮੇਸ਼ਾ ਇਹ ਖਦਸ਼ਾ ਰਿਹਾ ਹੈ ਕਿ ਚੀਨ ਇਸ ਟਾਪੂ ਦੀ ਵਰਤੋਂ ਭਾਰਤ ਦੀ ਜਾਸੂਸੀ ਲਈ ਕਰ ਰਿਹਾ ਹੈ।
ਇਹ ਵੀ ਪੜ੍ਹੋ : ਰਮਜ਼ਾਨ ਦੇ ਮਹੀਨੇ FM 'ਤੇ ਗੀਤ ਚਲਾਉਣਾ ਵੀ ਗੁਨਾਹ! ਤਾਲਿਬਾਨ ਨੇ ਔਰਤਾਂ ਦਾ ਰੇਡੀਓ ਸਟੇਸ਼ਨ ਕੀਤਾ ਬੰਦ
ਹਾਲਾਂਕਿ ਅਜੇ ਤੱਕ ਕੋਈ ਠੋਸ ਸਬੂਤ ਹੱਥ ਨਹੀਂ ਲੱਗਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਜੇਕਰ ਕੋਕੋ ਟਾਪੂ 'ਚ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਪਿੱਛੇ ਚੀਨ ਸਿੱਧੇ ਤੌਰ 'ਤੇ ਹੈ ਤਾਂ ਇਹ ਸਪੱਸ਼ਟ ਤੌਰ 'ਤੇ ਭਾਰਤ ਲਈ ਵੱਡੀ ਚਿੰਤਾ ਦਾ ਵਿਸ਼ਾ ਹੋਵੇਗਾ। ਦੱਸ ਦੇਈਏ ਕਿ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦਾ ਆਪਣਾ ਰਣਨੀਤਕ ਮਹੱਤਵ ਹੈ। ਚੀਨ ਵਰਗੇ ਗੁਆਂਢੀ ਦੇਸ਼ ਕਾਰਨ ਇਹ ਬਹੁਤ ਖਾਸ ਬਣ ਜਾਂਦਾ ਹੈ, ਇਸੇ ਲਈ ਭਾਰਤ ਇੱਥੇ ਆਪਣਾ ਜਲ ਸੈਨਾ ਬੇਸ ਵਿਕਸਤ ਕਰ ਰਿਹਾ ਹੈ। ਵਰਤਮਾਨ 'ਚ 7 ਏਅਰ ਫੋਰਸ ਅਤੇ ਨੇਵੀ ਬੇਸ ਲਈ ਇਸ ਖੇਤਰ ਵਿੱਚ ਕੰਮ ਚੱਲ ਰਿਹਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।