ਹੁਣ ਬਾੜਮੇਰ ’ਚ ਮੁਸਲਿਮ ਨੌਜਵਾਨ ਨਾਲ ਦਰਿੰਦਗੀ

2/22/2020 12:46:19 AM

ਬਾੜਮੇਰ – ਨਾਗੌਰ ਦੇ ਦਲਿਤ ਨੌਜਵਾਨਾਂ ਨਾਲ ਹੋਈ ਦਰਿੰਦਗੀ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਬਾੜਮੇਰ ਵਿਚ ਇਕ ਮੁਸਲਿਮ ਨੌਜਵਾਨ ਨਾਲ ਦਰਿੰਦਗੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਥੇ 3 ਦੋਸ਼ੀਆਂ ਨੇ 22 ਸਾਲ ਦੇ ਨੌਜਵਾਨ ਦੀ ਕੁੱਟਮਾਰ ਕਰ ਕੇ ਉਸ ਦੇ ਗੁਪਤ ਅੰਗ ਵਿਚ ਲੋਹੇ ਦੀ ਰਾਡ ਪਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੀੜਤ ਨੌਜਵਾਨ ’ਤੇ ਮੋਬਾਇਲ ਚੋਰੀ ਕਰਨ ਦਾ ਦੋਸ਼ ਹੈ। ਬਾੜਮੇਰ ਦਾ ਜ਼ਿਲਾ ਹੈੱਡਕੁਆਰਟਰ ਤੋਂ ਲਗਭਗ 40 ਕਿਲੋਮੀਟਰ ਦੂਰ ਤਿਰਸਿੰਗੜੀ ਪਿੰਡ ਦੇ ਵਸਨੀਕ ਨੇ ਬੀਤੇ ਕੱਲ ਦੇਰ ਸ਼ਾਮ ਬਾੜਮੇਰ ਦਿਹਾਤੀ ਪੁਲਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਕੁਝ ਲੋਕਾਂ ਨੇ ਉਸ ਦੇ ਛੋਟੇ ਭਰਾ ਨੂੰ ਅਗਵਾ ਕਰ ਕੇ ਪਹਿਲਾਂ ਕੁੱਟਮਾਰ ਕੀਤੀ, ਤਸੀਹੇ ਦਿੱਤੇ ਅਤੇ ਬਾਅਦ ਵਿਚ ਉਸ ਦੇ ਗੁਪਤ ਅੰਗ ਵਿਚ ਲੋਹੇ ਦੀ ਰਾਡ ਪਾ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਹ ਘਟਨਾ 29 ਜਨਵਰੀ ਦੀ ਹੈ ਅਤੇ ਉਸ ਦੇ ਭਰਾ ਨੇ ਇਸ ਘਟਨਾ ਬਾਰੇ ਪਰਿਵਾਰ ਵਾਲਿਆਂ ਨੂੰ ਕੁਝ ਨਹੀਂ ਦੱਸਿਆ ਸੀ। ਉਸ ਨੇ ਦੱਸਿਆ ਕਿ ਹਾਲ ਹੀ ਵਿਚ ਘਟਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ, ਜਿਸ ਤੋਂ ਬਾਅਦ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਅਤੇ ਉਨ੍ਹਾਂ ਨੇ ਪੁਲਸ ਨਾਲ ਸੰਪਰਕ ਕੀਤਾ। ਉਥੇ ਹੀ ਥਾਣਾ ਮੁਖੀ ਦੀਪ ਸਿੰਘ ਨੇ ਕਿਹਾ ਕਿ ਸ਼ਿਕਾਇਤਕਰਤਾ ਦੀ ਰਿਪੋਰਟ ਦੇ ਆਧਾਰ ’ਤੇ ਅਗਵਾ, ਤਸੀਹੇ ਦੇਣ ਅਤੇ ਗੁਪਤ ਅੰਗ ਵਿਚ ਲੋਹੇ ਦੀ ਰਾਡ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਪੀੜਤ ਦਾ ਬਿਆਨ ਅਜੇ ਤੱਕ ਦਰਜ ਨਹੀਂ ਕੀਤਾ ਗਿਆ ਹੈ ਕਿਉਂਕਿ ਉਹ ਸ਼ਹਿਰ ਤੋਂ ਬਾਹਰ ਹੈ। ਥਾਣਾ ਮੁਖੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਵੀਡੀਓ ਕਲਿਪ ਹੈ ਪਰ ਉਸ ਵਿਚ ਪੀੜਤ ਦੇ ਗੁਪਤ ਅੰਗ ਵਿਚ ਲੋਹੇ ਦੀ ਰਾਡ ਪਾਉਣ ਦਾ ਕੋਈ ਸੰਕੇਤ ਨਹੀਂ ਮਿਲਿਆ। ਉਨ੍ਹਾਂ ਨੇ ਇਸ ਮਾਮਲੇ ਵਿਚ 2 ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀਆਂ ਨੇ ਦੱਸਿਆ ਕਿ ਪੀੜਤ ਨੇ ਉਨ੍ਹਾਂ ਦਾ ਮੋਬਾਇਲ ਚੋਰੀ ਕਰ ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਕੁੱਟਿਆ ਸੀ। ਇਸ ਤੋਂ ਇਲਾਵਾ ਦੋਸ਼ੀਆਂ ਨੇ ਪੀੜਤ ਦੇ ਗੁਪਤ ਅੰਗ ਵਿਚ ਲੋਹੇ ਦੀ ਰਾਡ ਪਾਉਣ ਤੋਂ ਇਨਕਾਰ ਕੀਤਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Inder Prajapati

This news is Edited By Inder Prajapati