1500 ਰੁਪਏ ਨੂੰ ਲੈ ਕੇ ਹੋਏ ਝਗੜੇ ''ਚ ਸਬਜ਼ੀ ਵੇਚਣ ਵਾਲੇ ਦਾ ਕਤਲ
Tuesday, Jul 07, 2020 - 05:54 PM (IST)
ਕੋਟਾ (ਭਾਸ਼ਾ)— ਰਾਜਸਥਾਨ ਦੇ ਕੋਟਾ ਵਿਚ 1500 ਰੁਪਏ ਦੇ ਝਗੜੇ 'ਚ ਦੋ ਲੋਕਾਂ ਨੇ ਚਾਕੂ ਮਾਰ ਕੇ 41 ਸਾਲਾ ਇਕ ਸਬਜ਼ੀ ਵੇਚਣ ਵਾਲੇ ਦਾ ਕਤਲ ਕਰ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਘਟਨਾ ਝਾਲਾਵਾਰ ਜ਼ਿਲ੍ਹੇ ਦੇ ਭਵਾਨੀਮੰਡੀ ਥਾਣਾ ਖੇਤਰ ਦੇ ਪੰਚਪਹਾੜ ਪਿੰਡ ਵਿਚ ਸੋਮਵਾਰ ਸ਼ਾਮ ਨੂੰ ਵਾਪਰੀ ਸੀ। ਪੁਲਸ ਨੇ ਦੱਸਿਆ ਕਿ ਸਬਜ਼ੀ ਵਾਲੇ ਨੂੰ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਭਵਾਨੀਮੰਡੀ ਥਾਣੇ ਦੇ ਮੁਖੀ ਮਹਾਵੀਰ ਸਿੰਘ ਨੇ ਦੱਸਿਆ ਕਿ ਸਬਜ਼ੀ ਵਾਲਾ ਪੰਚਪਹਾੜ ਪਿੰਡ ਦਾ ਵਸਨੀਕ ਸੀ ਅਤੇ ਉਸ 'ਤੇ ਤੇਜ਼ਧਾਰ ਚਾਕੂ ਨਾਲ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ। ਸੋਮਵਾਰ ਦੀ ਦੇਰ ਰਾਤ ਉਸ ਦੀ ਮੌਤ ਹੋ ਗਈ। ਪੁਲਸ ਮੁਤਾਬਕ ਮੌਤ ਤੋਂ ਪਹਿਲਾਂ ਪੀੜਤ ਦੇ ਬਿਆਨ ਅਤੇ ਉਸ ਦੇ ਪਿਤਾ ਦੀ ਸ਼ਿਕਾਇਤ ਮੁਤਾਬਕ ਅਸੀਂ ਹਰੀਸ਼ ਅਤੇ ਵਿਸ਼ਨੂੰ ਨਾਂ ਦੇ ਦੋ ਦੋਸ਼ੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। ਦੋਹਾਂ ਨੂੰ ਅਜੇ ਫੜ੍ਹਿਆ ਨਹੀਂ ਗਿਆ ਹੈ। ਥਾਣੇਦਾਰ ਨੇ ਦੱਸਿਆ ਕਿ ਸਬਜ਼ੀ ਵਾਲੇ ਨੇ ਪੁਲਸ ਨੂੰ ਦੱਸਿਆ ਸੀ ਕਿ ਦੋਸ਼ੀ ਸੋਮਵਾਰ ਸ਼ਾਮ ਉਸ ਨੂੰ ਮਿਲਣ ਆਏ ਸਨ ਅਤੇ ਤੇਜ਼ਧਾਰ ਚਾਕੂ ਨਾਲ ਉਸ 'ਤੇ ਹਮਲਾ ਕਰ ਦਿੱਤਾ। ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਮੰਗਲਵਾਰ ਸਵੇਰੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।