ਚਰਚਿਤ ਏ.ਪੀ.ਪੀ. ਕਤਲਕਾਂਡ ਮਾਮਲੇ ''ਚ 4 ਨੂੰ ਉਮਰ ਕੈਦ

12/10/2018 5:50:55 PM

ਪਟਨਾ— ਬਿਹਾਰ ਦੀ ਰਾਜਧਾਨੀ ਪਟਨਾ 'ਚ ਇਕ ਫਾਸਟ ਟਰੈਕ ਅਦਾਲਤ ਨੇ ਜਹਾਨਾਬਾਦ ਜ਼ਿਲੇ ਦੇ ਚਰਚਿਤ ਅਪਰ ਲੋਕ ਪ੍ਰੋਸਟੀਕਿਊਟਰ (ਏ.ਪੀ.ਪੀ.) ਕਤਲਕਾਂਡ ਮਾਮਲੇ 'ਚ ਸੋਮਵਾਰ ਨੂੰ ਚਾਰ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਇਸ ਮਾਮਲੇ 'ਚ ਸੁਣਵਾਈ ਤੋਂ ਬਾਅਦ ਜਹਾਨਾਬਾਦ ਜ਼ਿਲੇ ਦੇ ਕਾਕੋ ਥਾਣਾ ਵਾਸੀ ਅਜੇ ਯਾਦਵ, ਬਲਬੀਰ ਯਾਦਵ, ਦਿਨੇਸ਼ ਯਾਦਵ ਅਤੇ ਉਸੇ ਜ਼ਿਲੇ ਦੇ ਘੋਸੀ ਥਾਣਾ ਖੇਤਰ ਵਾਸੀ ਸਤੇਂਦਰ ਯਾਦਵ ਨੂੰ ਅਪਰ ਲੋਕ ਪ੍ਰੋਸਟੀਕਿਊਟਰ ਦੀਨਦਿਆਲ ਯਾਦਵ ਦੀ ਸਾਲ 2007 'ਚ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ੀ ਕਰਾਰ ਦੇਣ ਤੋਂ ਬਾਅਦ ਇਹ ਸਜ਼ਾ ਸੁਣਾਈ ਹੈ।

ਪਟਨਾ ਹਾਈ ਕੋਰਟ ਦੇ ਆਦੇਸ਼ ਨਾਲ ਮਾਮਲੇ ਦੀ ਸੁਣਵਾਈ ਰਾਜਧਾਨੀ ਪਟਨਾ ਸਥਿਤ ਫਾਸਟ ਟਰੈਕ ਕੋਰਟ 'ਚ ਕੀਤੀ ਜਾ ਰਹੀ ਸੀ। ਦੋਸ਼ ਅਨੁਸਾਰ 24 ਦਸੰਬਰ 2007 ਨੂੰ ਜਹਾਨਾਬਾਦ ਜ਼ਿਲੇ ਦੇ ਮਖਦੂਮਪੁਰ ਥਾਣੇ ਖੇਤਰ 'ਚ ਏ.ਪੀ.ਪੀ. ਦੀਨਦਿਆਲ ਯਾਦਵ ਦੀ ਦੋਸ਼ੀਆਂ ਨੇ ਇਕ ਅਪਰਾਧਕ ਯੋਜਨਾ ਦੇ ਅਧੀਨ ਗੋਲੀ ਮਾਰ ਕੇ ਉਸ ਸਮੇਂ ਹੱਤਿਆ ਕਰ ਦਿੱਤੀ, ਜਦੋਂ ਉਹ ਅਦਾਲਤ ਤੋਂ ਆਪਣਾ ਕੰਮ ਨਿਪਟਾ ਕੇ ਘਰ ਵਾਪਸ ਜਾ ਰਹੇ ਸਨ। ਘਟਨਾ ਦਾ ਕਾਰਨ ਦੱਸਿਆ ਗਿਆ ਸੀ ਕਿ ਵਕੀਲ ਸ਼੍ਰੀ ਯਾਦਵ ਇਕ ਮਾਮਲੇ 'ਚ ਪੀੜਤ ਦੇ ਵਕੀਲ ਸਨ ਅਤੇ ਉਨ੍ਹਾਂ ਨੂੰ ਮੁਕੱਦਮਾ ਛੱਡਣ ਦੀ ਧਮਕੀ ਦਿੱਤੀ ਜਾ ਰਹੀ ਸੀ, ਜਿਸ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ।


Related News