PM ਮੋਦੀ ਦੇ ਦੌਰੇ ਤੋਂ ਪਹਿਲਾਂ ਕੱਛ ’ਚ ਕਤਲ, ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਇਲਾਕੇ ’ਚ ਵਧਾਈ ਸੁਰੱਖਿਆ

Saturday, Aug 27, 2022 - 03:44 PM (IST)

PM ਮੋਦੀ ਦੇ ਦੌਰੇ ਤੋਂ ਪਹਿਲਾਂ ਕੱਛ ’ਚ ਕਤਲ, ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਇਲਾਕੇ ’ਚ ਵਧਾਈ ਸੁਰੱਖਿਆ

ਭੁਜ– ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਮਾਧਾਪੁਰ ਪਿੰਡ ’ਚ ਹੋਏ ਇਕ ਕਤਲ ਦੇ ਮਾਮਲੇ ’ਚ ਭਗੋੜੇ ਇਕ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ਨੂੰ ਲੈ ਕੇ ਫਿਰਕੂ ਤਣਾਅ ਪੈਦਾ ਹੋ ਗਿਆ ਸੀ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਇਲਾਕੇ ’ਚ ਵੱਡੀ ਗਿਣਤੀ ’ਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। 

ਭੂਚਾਲ ’ਚ ਜਾਨ ਗੁਆਉਣ ਵਾਲੇ ਲੋਕਾਂ ਲਈ ਬਣਾਏ ਗਏ 'ਮੈਮੋਰੀ ਵਨ' ਸਮਾਰਕ ਤੋਂ ਮਾਧਾਪੁਰ ਸਿਰਫ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਸਮਾਰਕ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਉਦਘਾਟਨ ਕਰਨ ਵਾਲੇ ਹਨ। ਮਾਧਾਪੁਰ ’ਚ ਸ਼ੁੱਕਰਵਾਰ ਨੂੰ ਇਕ ਭਾਈਚਾਰੇ ਦੇ ਲੋਕਾਂ ਨੇ ਦੂਜੇ ਭਾਈਚਾਰੇ ਦੇ ਲੋਕਾਂ ਦੇ ਇਕ ਪੂਜਾ ਸਥਾਨ ਅਤੇ ਦੁਕਾਨਾਂ ’ਤੇ ਹਮਲਾ ਕਰ ਦਿੱਤਾ ਸੀ ਅਤੇ ਭੰਨ-ਤੋੜ ਕੀਤੀ ਸੀ। ਪੁਲਸ ਨੇ ਦੱਸਿਆ ਸੀ ਕਿ ਭੁਜ ਦੇ ਬਾਹਰੀ ਖੇਤਰ ਸਥਿਤ ਮਾਧਾਪੁਰ ਦੇ ਰਬਾਰੀ ਭਾਈਚਾਰੇ ਦੇ ਲੋਕ ਪਰੇਸ਼ ਰਬਾਰੀ ਨਾਂ ਦੇ ਨੌਜਵਾਨ ਦੇ ਕਤਲ ’ਤੇ ਗੁੱਸੇ ’ਚ ਸਨ ਜਿਸਨੂੰ ਕਥਿਤ ਤੌਰ ’ਤੇ ਸੁਲੇਮਾਨ ਸਨਾ ਨਾਂ ਦੇ ਇਕ ਵਿਅਕਤੀ ਨੇ ਸ਼ੁੱਕਰਵਾਰ ਸਵੇਰੇ ਝਗੜਾ ਹੋਣ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਮਾਰ ਦਿੱਤਾ ਸੀ। 

ਮਾਧਾਪੁਰ ਪੁਲਸ ਥਾਣੇ ਦੇ ਇੰਚਾਰਜ ਕਰਨਸਿੰਘ ਵਿਹੋਲ ਨੇ ਕਿਹਾ ਕਿ ਅਸੀਂ ਸ਼ੁੱਕਰਵਾਰ ਸ਼ਾਮ ਨੂੰ ਸੁਲੇਮਾਨ ਸਨਾ ਨੂੰ ਫੜ ਲਿਆ ਹੈ। ਦੋਸ਼ੀ ਨੂੰ ਪੁਲਸ ਦੁਆਰਾ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਸਥਿਤੀ ਸ਼ਾਂਤੀਪੂਰਨ ਹੈ। ਵਿਹੋਲ ਨੇ ਕਿਹਾ ਕਿ ਪ੍ਰਭਾਵਿਤ ਖੇਤਰਾਂ ’ਚ ਵੱਡੀ ਗਿਣਤੀ ’ਚ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ।


author

Rakesh

Content Editor

Related News