ਫਰੂਖਾਬਾਦ: ਬੰਧਕ ਬਣਾਏ ਬੱਚਿਆਂ ਨੂੰ UP ਪੁਲਸ ਨੇ ਸੁਰੱਖਿਅਤ ਕੱਢਿਆ ਬਾਹਰ, ਬਦਮਾਸ਼ ਸਮੇਤ ਪਤਨੀ ਦੀ ਮੌਤ

01/31/2020 9:57:11 AM

ਫਰੂਖਾਬਾਦ—ਉੱਤਰ ਪ੍ਰਦੇਸ਼ 'ਚ ਫਰੂਖਾਬਾਦ ਜ਼ਿਲੇ ਦੇ ਮੁਹੰਮਦਾਬਾਦ ਕੋਤਵਾਲੀ ਖੇਤਰ 'ਚ ਬੇਟੀ ਦੇ ਜਨਮਦਿਨ 'ਤੇ ਬੁਲਾ ਕੇ 24 ਬੱਚਿਆਂ ਨੂੰ ਬੰਧਕ ਬਣਾਉਣ ਵਾਲੇ ਬਦਮਾਸ਼ ਨੂੰ ਪੁਲਸ ਨੇ ਮਾਰ ਦਿੱਤਾ ਜਦਕਿ ਉਸ ਦੀ ਪਤਨੀ ਨੂੰ ਪਿੰਡ ਵਾਸੀਆਂ ਨੇ ਕੁੱਟਮਾਰ ਕਰਕੇ ਮਾਰ ਦਿੱਤਾ। ਦੱਸ ਦੇਈਏ ਕਿ ਵੀਰਵਾਰ ਸ਼ਾਮ ਨੂੰ ਦੋਸ਼ੀ ਵਿਅਕਤੀ ਨੇ ਜਨਮਦਿਨ ਮਨਾਉਣ ਦੇ ਬਹਾਨੇ ਕਰੀਬ 20 ਬੱਚਿਆਂ ਨੂੰ ਆਪਣੇ ਘਰ ਸੱਦਿਆ ਅਤੇ ਬੰਧਕ ਬਣਾ ਲਿਆ ਸੀ। 

ਪੁਲਸ ਅਧਿਕਾਰੀ ਅਨਿਲ ਕੁਮਾਰ ਮਿਸ਼ਰਾ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗਭਗ 11 ਘੰਟੇ ਬੰਧਕ ਬਣਾਏ ਗਏ 24 ਬੱਚੇ ਅੱਧੀ ਰਾਤ ਨੂੰ ਸੁਰੱਖਿਅਤ ਬਾਹਰ ਕੱਢ ਲਏ ਗਏ। ਉਨ੍ਹਾਂ ਨੇ ਦੱਸਿਆ ਕਿ ਪੁਲਸ ਦੀ ਪਹਿਲ ਸਾਰੇ ਬੰਧਕ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣਾ ਸੀ। ਇਸ ਦੌਰਾਨ ਪੁਲਸ ਨੇ ਦੇਰ ਰਾਤ ਦੋਸ਼ੀ ਸੁਭਾਸ਼ ਦੇ ਘਰ ਦਾ ਦਰਵਾਜ਼ਾ ਤੋੜ ਦਿੱਤਾ। ਇਸ 'ਤੇ ਉੱਥੇ ਮੌਜੂਦ ਭੀੜ ਨੇ ਬਦਮਾਸ਼ ਸੁਭਾਸ਼ ਬਾਥਮ ਨੂੰ ਭੱਜਦੇ ਦੇਖਿਆ ਤਾਂ ਪੁਲਸ ਵੀ ਉਸ ਦੇ ਪਿੱਛੇ ਦੌੜੀ ਅਤੇ ਫਿਰ ਉਸ 'ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਦੋਸ਼ੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਘਰ ਦੇ ਬੇਸਮੈਂਟ 'ਚ ਬੰਧਕ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਨੂੰ ਛੁਡਵਾਉਣ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਦੋਸ਼ੀ ਸੁਭਾਸ਼ ਬਾਥਮ ਦੀ ਪਤਨੀ ਰੂਬੀ ਨੂੰ ਕੁੱਟ-ਕੁੱਟ ਕੇ ਖਤਮ ਕਰ ਦਿੱਤਾ। ਗੰਭੀਰ ਹਾਲਤ 'ਚ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।


Iqbalkaur

Content Editor

Related News