ਮੁੰਬਈ ਦੀਆਂ ਸੜਕਾਂ ''ਤੇ ਹੁਣ ਨਹੀਂ ਦਿੱਸੇਗੀ ਕਾਲੀ-ਪੀਲੀ ਟੈਕਸੀ
Saturday, Oct 12, 2019 - 12:43 PM (IST)
ਮੁੰਬਈ— ਕਈ ਬਾਲੀਵੁੱਡ ਫਿਲਮਾਂ 'ਚ ਨਜ਼ਰ ਆ ਚੁਕੀ ਕਾਲੀ-ਪੀਲੀ ਹੁਣ ਮੁੰਬਈ ਦੀਆਂ ਸੜਕਾਂ ਤੋਂ ਜਲਦ ਹੀ ਗਾਇਬ ਹੋਣ ਵਾਲੀ ਹੈ। ਮੁੰਬਈ ਦੀ ਜਾਨ ਪਦਮਨੀ ਟੈਕਸੀ ਹੁਣ ਬੰਦ ਹੋਣ ਵਾਲੀ ਹੈ। ਦਰਅਸਲ ਆਈਕੋਨਿਕ ਇੰਡੋ-ਇਟਾਲੀਅਨ ਮਾਡਲ ਦੀ ਪ੍ਰੀਮੀਅਰ ਪਦਮਨੀ ਟੈਕਸੀ ਦਾ ਪ੍ਰੋਡਕਸ਼ਨ ਸਾਲ 2000 'ਚ ਹੀ ਬੰਦ ਹੋ ਗਿਆ ਸੀ। ਇਸ ਤੋਂ ਬਾਅਦ ਸਿਰਫ਼ 50 ਟੈਕਸੀਆਂ ਹੀ ਇੱਥੋਂ ਦੀਆਂ ਸੜਕਾਂ 'ਤੇ ਦੌੜ ਰਹੀਆਂ ਹਨ ਪਰ ਤਾਜ਼ਾ ਜਾਣਕਾਰੀ ਅਨੁਸਾਰ ਜੂਨ 2020 'ਚ ਮੁੰਬਈ ਦੀਆਂ ਸੜਕਾਂ 'ਤੇ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਇਸ ਬਾਰੇ ਮੁੰਬਈ ਟੈਕਸੀ ਯੂਨੀਅਨ ਦਾ ਕਹਿਣਾ ਹੈ ਕਿ ਇਹ ਆਈਕੋਨਿਕ ਕਾਰ ਹੈ ਪਰ ਨਵੀਂ ਪੀੜ੍ਹੀ ਦੇ ਲੋਕ ਹੁਣ ਇਸ 'ਚ ਬੈਠਣਾ ਨਹੀਂ ਚਾਹੁੰਦੇ ਹਨ, ਉਹ ਨਵੀਂ ਤਕਨੀਕ ਦੀ ਮਾਰਡਨ ਕਾਰਾਂ ਪਸੰਦ ਕਰਦੇ ਹਨ। ਇੰਨੀ ਮਹਿੰਗਾਈ 'ਚ ਹੁਣ ਇਨ੍ਹਾਂ ਟੈਕਸੀਆਂ ਦੀ ਸਾਂਭ-ਸੰਭਾਲ ਵੀ ਕਾਫ਼ੀ ਮਹਿੰਗੀ ਹੋ ਗਈ ਹੈ।
1964 'ਚ ਇਸ ਟੈਕਸੀ ਨੂੰ ਬਾਜ਼ਾਰ 'ਚ ਉਤਾਰਿਆ ਗਿਆ ਸੀ
ਸਾਲ 1964 'ਚ ਫਿਏਟ 1100 ਡਿਲਾਈਟ ਦੇ ਨਾਂ ਨਾਲ ਇਸ ਨੂੰ ਬਾਜ਼ਾਰ 'ਚ ਉਤਾਰਿਆ ਗਿਆ ਸੀ, ਇਹ ਫਿਏਟ 1100 ਦਾ ਸਵਦੇਸ਼ੀ ਵਰਜਨ ਸੀ ਪਰ ਲਾਂਚਿੰਗ ਦੇ ਇਕ ਸਾਲ ਬਾਅਦ ਹੀ ਇਸ ਦਾ ਨਾਂ ਬਦਲ ਕੇ ਪ੍ਰੀਮੀਅਰ ਪ੍ਰੈਸੀਡੈਂਟ ਰੱਖ ਦਿੱਤਾ ਗਿਆ। ਸਾਲ 1974 'ਚ ਇਕ ਵਾਰ ਫਿਰ ਇਸ ਦਾ ਨਾਂ ਬਦਲ ਕੇ ਪ੍ਰੀਮੀਅਰ ਪਦਮਨੀ ਰੱਖਿਆ ਗਿਆ। ਇਹ ਨਾਮਕਰਨ ਰਾਣੀ ਪਦਮਨੀ ਦੇ ਨਾਂ 'ਤੇ ਹੀ ਕੀਤਾ ਗਿਆ ਸੀ।
ਪ੍ਰਦੂਸ਼ਣ ਵੀ ਹੈ ਕਾਰਨ
ਸਾਲ 2013 'ਚ ਵਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਵੀ 20 ਸਾਲਾਂ ਤੋਂ ਪੁਰਾਣੇ ਵਾਹਨਾਂ 'ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਦਿੱਤੇ ਸਨ। ਅਜਿਹੇ 'ਚ ਇਨ੍ਹਾਂ ਕਾਰਾਂ ਨੂੰ ਸੜਕਾਂ ਤੋਂ ਹਟਾਉਣਾ ਇਕ ਮਜ਼ਬੂਰੀ ਬਣ ਗਿਆ ਹੈ, ਕਿਉਂਕਿ ਹਰ ਮੁੰਬਈ ਵਾਸੀ ਇਨ੍ਹਾਂ ਨਾਲ ਭਾਵਨਾਤਮਕ ਰੂਪ ਨਾਲ ਜੁੜਿਆ ਹੋਇਆ ਹੈ, ਇਸ ਲਈ ਪਦਮਨੀ ਦੀ ਕਮੀ ਉਨ੍ਹਾਂ ਨੂੰ ਹਮੇਸ਼ਾ ਖਟਕੇਗੀ।