ਡਾਂਸ ਵੀਡੀਓ ਰਾਹੀਂ ਲੋਕਾਂ ਦਾ ਦਿਲ ਜਿੱਤ ਰਿਹਾ ਹੈ ਮੁੰਬਈ ਪੁਲਸ ਦਾ ਜਵਾਨ
Thursday, Aug 05, 2021 - 05:36 PM (IST)
ਮੁੰਬਈ- ਮੁੰਬਈ ਪੁਲਸ ਦੇ 38 ਸਾਲਾ ਪੁਲਸ ਮੁਲਾਜ਼ਮ ਅਮੋਲ ਯਸ਼ਵੰਤ ਕਾਂਬਲੇ ਨੇ ਆਪਣੇ ਡਾਂਸ ਵੀਡੀਓ ਰਾਹੀਂ ਸੋਸ਼ਲ ਮੀਡੀਆ 'ਤੇ ਇਕ ਖ਼ਾਸ ਪਛਾਣ ਬਣਾ ਲਈ ਹੈ। ਨਯਾਗਾਂਵ ਪੁਲਸ ਹੈੱਡ ਕੁਆਰਟਰ 'ਚ ਤਾਇਨਾਤ ਅਮੋਲ ਦੇ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ ਅਤੇ ਹਜ਼ਾਰਾਂ ਲੋਕ ਉਨ੍ਹਾਂ ਦੇ ਵੀਡੀਓ ਪਸੰਦ ਕਰ ਰਹੇ ਹਨ। ਅਮੋਲ ਡਿਊਟੀ ਖ਼ਤਮ ਹੋਣ ਤੋਂ ਬਾਅਦ ਜਾਂ ਛੁੱਟੀ ਦੇ ਦਿਨ ਡਾਂਸ ਕਰਦੇ ਹਨ। ਉਨ੍ਹਾਂ ਦੀ ਇਹ ਪ੍ਰਤਿਭਾ ਉਸ ਸਮੇਂ ਲੋਕਾਂ ਸਾਹਮਣੇ ਆਈ, ਜਦੋਂ ਉਨ੍ਹਾਂ ਨੇ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ 'ਤੇ ਆਪਣੇ ਡਾਂਸ ਦਾ ਇਕ ਵੀਡੀਓ ਪੋਸਟ ਕੀਤਾ। ਅਮੋਲ ਦੇ ਮਰਾਠੀ ਫਿਲਮ 'ਅੱਪੂ ਰਾਜਾ' ਦੇ ਗਾਣੇ 'ਤੇ ਡਾਂਸ ਕਰ ਕੇ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਇਆ, ਜੋ ਕਿ ਬਹੁਤ ਹੀ ਵਾਇਰਲ ਹੋਇਆਅਤੇ ਲੋਕਾਂ ਨੇ ਉਨ੍ਹਾਂ ਦੀ ਕਾਫ਼ੀ ਪ੍ਰਸ਼ੰਸਾ ਕੀਤੀ।
ਇਕ ਵੀਡੀਓ 'ਚ ਡਿਊਟੀ 'ਤੇ ਤਾਇਨਾਤ ਅਮੋਲ ਇਕ ਦੋਪਹੀਆ ਵਾਹਨ ਚਾਲਕ ਨੂੰ ਸਹੀ ਤਰੀਕੇ ਨਾਲ ਮਾਸਕ ਪਹਿਨਣ ਲਈ ਕਹਿ ਰਹੇ ਹਨ ਅਤੇ ਫਿਰ ਦੋਵੇਂ ਹੀ ਡਾਂਸ ਕਰਨ ਲੱਗਦੇ ਹਨ। ਅਮੋਲ ਅਨੁਸਾਰ ਲੱਖਾਂ ਲੋਕ ਉਨ੍ਹਾਂ ਦੇ ਵੀਡੀਓ ਪਸੰਦ ਕਰ ਰਹੇ ਹਨ। ਮਾਹਿਮ ਦੇ ਰਹਿਣ ਵਾਲੇ ਅਮੋਲ ਯਸ਼ਵੰਤ ਕਾਂਬਲੇ 2004 'ਚ ਮੁੰਬਈ ਪੁਲਸ 'ਚ ਭਰਤੀ ਹੋਏ ਸਨ। ਅਮੋਲ ਨੂੰ ਬਚਪਨ ਤੋਂ ਹੀ ਡਾਂਸ ਕਰਨਾ ਪਸੰਦ ਰਿਹਾ ਹੈ। ਪੁਲਸ 'ਚ ਭਰਤੀ ਹੋਣ ਤੋਂ ਪਹਿਲਾਂ ਅਮੋਲ ਆਪਣੇ ਵੱਡੇ ਭਰਾ, ਜੋ ਕਿ ਇਕ ਕੋਰੀਓਗ੍ਰਾਫ਼ਰ ਹਨ, ਦੇ ਨਾਲ ਡਾਂਸ ਸ਼ੋਅ ਵੀ ਕਰਦੇ ਸਨ। ਕਾਂਬਲੇ ਨੇ ਕਿਹਾ,''ਇਕ ਪੁਲਸ ਮੁਲਾਜ਼ਮ ਹੋਣ ਦੇ ਨਾਤੇ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਤੋਂ ਇਲਾਵਾ ਨਾਗਰਿਕਾਂ ਦੀ ਰੱਖਿਆ ਕਰਨਾ ਮੇਰੀ ਪਹਿਲੀ ਜ਼ਿੰਮੇਵਾਰੀ ਹੈ ਪਰ ਆਪਣੀ ਛੁੱਟੀ 'ਤੇ ਮੈਂ ਆਪਣੇ ਬੱਚਿਆਂ, ਭੈਣ ਦੇ ਬੱਚਿਆਂ ਨਾਲ ਡਾਂਸ ਕਰਦਾ ਹਾਂ ਅਤੇ ਮਜ਼ੇ ਕਰਦਾ ਹਾਂ।''
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ