ਮੁੰਬਈ : ਮਾਲ ''ਚ ਅੱਗ ਲੱਗਣ ਦੇ ਸਿਲਸਿਲੇ ''ਚ 6 ਲੋਕਾਂ ਵਿਰੁੱਧ ਮਾਮਲਾ ਦਰਜ
Saturday, Mar 27, 2021 - 04:51 PM (IST)
ਮੁੰਬਈ- ਮੁੰਬਈ ਪੁਲਸ ਨੇ ਇੱਥੋਂ ਦੇ ਭਾਂਡੁਪ ਇਲਾਕੇ ਦੇ ਇਕ ਮਾਲ 'ਚ ਅੱਗ ਲੱਗਣ ਦੀ ਘਟਨਾ ਦੇ ਸਿਲਸਿਲੇ 'ਚ 6 ਲੋਕਾਂ ਵਿਰੁੱਧ ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਹੈ। ਭਿਆਨਕ ਅੱਗ 'ਚ ਉੱਥੇ ਸਥਿਤ ਇਕ ਹਸਪਤਾਲ 'ਚ ਇਲਾਜ ਕਰਵਾ ਰਹੇ ਕੋਰੋਨਾ ਵਾਇਰਸ ਦੇ 10 ਮਰੀਜ਼ਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਊਸਿੰਗ ਡੈਵਲਪਮੈਂਟ ਐਂਡ ਇੰਫਰਾਸਟਰਕਚਰ ਲਿਮਟਿਡ (ਐੱਚ.ਡੀ.ਆਈ.ਐੱਲ.) ਦੇ ਪ੍ਰਮੋਟਰ ਰਾਕੇਸ਼ ਵਧਾਵਨ ਅਤੇ ਉਨ੍ਹਾਂ ਦੇ ਪੁੱਤ ਅਤੇ ਮਾਲ ਦੇ ਸਾਰੰਗ ਨੂੰ ਸ਼ਿਕਾਇਤ 'ਚ ਨਾਮਜ਼ਦ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਭਾਂਡੁਪ ਥਾਣਾ 'ਚ ਸ਼ਿਕਾਇਤ ਦਰਜ ਕੀਤੀ ਗਈ, ਜਿਸ 'ਚ ਡਰੀਮਸ ਮਾਲ ਅਤੇ ਸਨਰਾਈਜ਼ ਹਸਪਤਾਲ ਦੇ ਪ੍ਰਬੰਧਕਾਂ ਦੇ ਨਾਮ ਵੀ ਸ਼ਾਮਲ ਹਨ। ਉਨ੍ਹਾਂ ਕਿਹਾ,''ਮਾਲ ਦੇ ਡਾਇਰੈਕਟਰਾਂ ਰਾਕੇਸ਼ ਵਧਾਵਨ, ਨਿਕਿਤਾ ਅਮਿਤ ਸਿੰਘ ਤ੍ਰੇਹਨ, ਸਾਰੰਗ ਵਧਾਵਨ ਅਤੇ ਦੀਪਕ ਸ਼ਿਕਰੇ ਅਤੇ ਹਸਪਤਾਲ ਦੇ ਡਾਇਰੈਕਟਰਾਂ ਅਮਿਤ ਸਿੰਘ ਤ੍ਰੇਹਨ ਅਤੇ ਸਵੀਟੀ ਜੈਨ ਦੇ ਨਾਂ ਸ਼ਿਕਾਇਤ 'ਚ ਸ਼ਾਮਲ ਹਨ। ਨਿਕਿਤਾ ਤ੍ਰੇਹਨ ਹਸਪਤਾਲ ਦੀ ਡਾਇਰੈਕਟਰ ਵੀ ਹੈ।''
ਇਹ ਵੀ ਪੜ੍ਹੋ : ਮੁੰਬਈ 'ਚ ਦੁਖ਼ਦ ਹਾਦਸਾ, ਹਸਪਤਾਲ ਅੰਦਰ ਅੱਗ ਲੱਗਣ ਨਾਲ 10 ਮਰੀਜ਼ਾਂ ਦੀ ਮੌਤ
ਭਾਂਡੁਪ ਥਾਣਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 304 (ਗੈਰ ਇਰਾਦਤਨ ਕਤਲ) ਅਤੇ 34 (ਸਾਝਾ ਮੰਸ਼ਾ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ,''ਹੁਣ ਤੱਕ ਦੀ ਜਾਂਚ ਦੌਰਾਨ ਪੁਲਸ ਨੂੰ ਮਾਲ 'ਚ ਕਈ ਕਮੀਆਂ ਮਿਲੀਆਂ। ਸੁਰੱਖਿਆ ਦੇ ਲਿਹਾਜ ਨਾਲ ਕੁਪ੍ਰਬੰਧਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਸਮੇਂ 'ਤੇ ਅੱਗ ਬੁਝਾਊ ਸੁਰੱਖਿਆ ਯੰਤਰ ਦੀ ਜਾਂਚ ਨਹੀਂ ਕੀਤੀ ਗਈ।'' ਉਨ੍ਹਾਂ ਦੱਸਿਆ ਕਿ ਇਹ ਵੀ ਪਾਇਆ ਗਿਆ ਹੈ ਕਿ ਮਾਲ 'ਚ 1,108 ਦੁਕਾਨਾਂ ਹਨ, ਉਨ੍ਹਾਂ 'ਚੋਂ ਲਗਭਗ 40 ਫੀਸਦੀ ਬੰਦ ਹਨ ਅਤੇ ਸੰਚਾਲਨ 'ਚ ਨਹੀਂ ਹੈ। ਅਧਿਕਾਰੀ ਨੇ ਕਿਹਾ,''ਜਨਵਰੀ 'ਚ, ਸਨਰਾਈਜ਼ ਹਸਪਤਾਲ ਨੂੰ ਕੋਵਿਡ ਦੇਖਭਾਲ ਕੇਂਦਰ 'ਚ ਬਦਲ ਦਿੱਤਾ ਗਿਆ ਸੀ।'' ਦੱਸਣਯੋਗ ਹੈ ਕਿ ਮੁੰਬਈ ਦੇ ਭਾਂਡੁਪ ਇਲਾਕੇ ਦੀ ਡਰੀਮਸ ਮਾਲ ਇਮਾਰਤ 'ਚ ਵੀਰਵਾਰ ਅੱਧੀ ਰਾਤ ਅੱਗ ਲੱਗ ਗਈ। ਅੱਗ ਇਕ ਦੁਕਾਨ 'ਚ ਲੱਗੀ ਅਤੇ 5 ਮੰਜ਼ਲਾਂ ਮਾਲਕ ਦੀ ਸਭ ਤੋਂ ਉੱਪਰੀ ਮੰਜ਼ਲ 'ਤੇ ਸਥਿਤ ਸਨਰਾਈਜ਼ ਹਸਪਤਾਲ ਤੱਕ ਫ਼ੈਲ ਗਈ। ਇਸ ਘਟਨਾ 'ਚ ਹਸਪਤਾਲ 'ਚ ਦਾਖ਼ਲ 10 ਮਰੀਜ਼ਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : 2 ਮਹੀਨੇ ਦੀ ਧੀ ਨੂੰ ਪਿਓ ਦਾ ਤੋਹਫ਼ਾ, ਚੰਨ 'ਤੇ ਖ਼ਰੀਦੀ 1 ਏਕੜ ਜ਼ਮੀਨ