ਮੁੰਬਈ ਇਮਾਰਤ ਹਾਦਸਾ: ਸ਼ਖਸ ਦੀ ਜਾਨ ਬਚੀ ਪਰ ਗੁਆਏ ਪਰਿਵਾਰ ਦੇ 9 ਮੈਂਬਰ

06/10/2021 4:53:40 PM

ਮੁੰਬਈ (ਭਾਸ਼ਾ)— ਮੁੰਬਈ ਦੇ ਮਲਾਡ ਵੈਸਟ ਇਲਾਕੇ ’ਚ ਰਹਿਣ ਵਾਲੇ ਰਫੀਕ ਸ਼ੇਖ ਇਹ ਸਮਝ ਨਹੀਂ ਪਾ ਰਹੇ ਹਨ ਕਿ ਖ਼ੁਦ ਦੀ ਜਾਨ ਬਚਣ ’ਤੇ ਉਹ ਪਰਮਾਤਮਾ ਦਾ ਧੰਨਵਾਦ ਕਰਨ ਜਾਂ ਪਤਨੀ ਸਮੇਤ 8 ਜੀਆਂ ਦੀ ਜਾਨ ਜਾਣ ’ਤੇ ਸੋਗ ਮਨਾਉਣ। ਦਰਅਸਲ ਬੁੱਧਵਾਰ ਦੇਰ ਰਾਤ 4 ਮੰਜ਼ਿਲਾ ਇਮਾਰਤ ਢਹਿ ਜਾਣ ਨਾਲ 11 ਲੋਕਾਂ ਦੀ ਮੌਤ ਹੋ ਗਈ। 45 ਸਾਲਾ ਸ਼ੇਖ ਉਸ ਇਮਾਰਤ ਵਿਚ ਪਰਿਵਾਰ ਨਾਲ ਕਿਰਾਏ ’ਤੇ ਰਹਿੰਦੇ ਸਨ ਅਤੇ ਇਮਾਰਤ ਢਹਿਣ ਤੋਂ ਮਹਿਜ ਕੁਝ ਮਿੰਟ ਪਹਿਲਾਂ ਦੁੱਧ ਲੈਣ ਲਈ ਘਰ ’ਚੋਂ ਬਾਹਰ ਗਏ ਸਨ। ਸ਼ੇਖ ਜਦੋਂ ਪਰਤੇ ਤਾਂ ਵੇਖਿਆ ਕਿ ਉਨ੍ਹਾਂ ਦੀ ਦੁਨੀਆ ਹੀ ਉੱਜੜ ਚੁੱਕੀ ਹੈ। ਉਨ੍ਹਾਂ ਦੀ ਪਤਨੀ, ਭਰਾ, ਭਰਜਾਈ ਅਤੇ ਦੋਹਾਂ ਪਰਿਵਾਰਾਂ ਦੇ 6 ਬੱਚਿਆਂ ਦੀ ਜਾਨ ਇਸ ਹਾਦਸੇ ਵਿਚ ਚਲੀ ਗਈ। 

ਸ਼ੇਖ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਰਿਵਾਰ ਦਾ ਇਕ ਹੋਰ ਮੈਂਬਰ ਮਲਬੇ ਹੇਠਾਂ ਦੱਬਣ ਕਾਰਨ ਜ਼ਖਮੀ ਹੋਇਆ ਹੈ ਅਤੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਪਰਿਵਾਰ ਵਿਚ ਹੁਣ 16 ਸਾਲ ਦਾ ਪੁੱਤਰ ਬਚਿਆ ਹੈ, ਜੋ ਹਾਦਸੇ ਦੇ ਸਮੇਂ ਦਵਾਈ ਖਰੀਦਣ ਲਈ ਘਰੋਂ ਬਾਹਰ ਗਿਆ ਸੀ। ਸ਼ੇਖ ਨੇ ਅੱਗੇ ਦੱਸਿਆ ਕਿ ਜਦੋਂ ਹਾਦਸਾ ਵਾਪਰਿਆ, ਉਦੋਂ ਮੈਂ ਸਵੇਰ ਦੀ ਚਾਹ ਲਈ ਦੁੱਧ ਲੈਣ ਗਿਆ ਸੀ। ਮੈਂ ਨਹੀਂ ਜਾਣਦਾ ਸੀ ਕਿ ਇਮਾਰਤ ਇੰਨੀ ਖਸਤਾਹਾਲ ਹੈ। ਮੇਰੇ ਪਰਿਵਾਰ ਨੂੰ ਇਮਾਰਤ ਡਿੱਗਣ ਦੇ ਸਮੇਂ ਉੱਥੋਂ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਪਰਤੇ ਤਾਂ ਵੇਖਿਆ ਕਿ ਕਈ ਸਥਾਨਕ ਲੋਕ ਬਚਾਅ ਦਲ ਦੇ ਆਉਣ ਤੋਂ ਪਹਿਲਾਂ ਘਟਨਾ ਵਾਲੀ ਥਾਂ ਤੋਂ ਮਲਬਾ ਹਟਾ ਰਹੇ ਹਨ।

ਇਕ ਸਥਾਨਕ ਵਾਸੀ ਨੇ ਦਾਅਵਾ ਕੀਤਾ ਕਿ ਇਲਾਕੇ ਵਿਚ ਜ਼ਿਆਦਾਤਰ ਮਕਾਨ ਗੈਰ-ਕਾਨੂੰਨੀ ਤਰੀਕੇ ਨਾਲ ਬਣੇ ਹਨ ਅਤੇ ਬਾਅਦ ਵਿਚ ਬਿਨਾਂ ਨਗਰ ਬਾਡੀਜ਼ ਦੀ ਮਨਜ਼ੂਰੀ ਦੇ ਇਨ੍ਹਾਂ ਨੂੰ ਤਿੰਨ ਜਾਂ ਚਾਰ ਮੰਜ਼ਿਲਾ ਇਮਾਰਤਾਂ ਵਿਚ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਮਕਾਨਾਂ ਦੇ ਮਾਲਕ ਹੋਰ ਥਾਵਾਂ ’ਤੇ ਰਹਿੰਦੇ ਹਨ ਅਤੇ ਇਹ ਮਕਾਨ ਗਰੀਬ ਲੋਕਾਂ ਨੂੰ ਕਿਰਾਏ ’ਤੇ ਦਿੱਤੇ ਗਏ ਹਨ। ਦੱਸ ਦੇਈਏ ਕਿ ਇਹ ਇਮਾਰਤ ਬੁੱਧਵਾਰ ਦੇਰ ਰਾਤ ਕਰੀਬ 11 ਵਜ ਕੇ 15 ਮਿੰਟ ’ਤੇ ਡਿੱਗੀ। ਸੰਯੁਕਤ ਪੁਲਸ ਕਮਿਸ਼ਨਰ (ਕਾਨੂੰਨ ਵਿਵਸਥਾ) ਵਿਸ਼ਵਾਸ ਨਾਂਗਰੇ ਪਾਟਿਲ ਨੇ ਦੱਸਿਆ ਕਿ ਇਮਾਰਤ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬਣਾਇਆ ਗਿਆ ਸੀ ਅਤੇ ਉਸ ਵਿਚ ਢਾਂਚਾਗਤ ਖਾਮੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਇਮਾਰਤ ਨੂੰ ਪਿਛਲੇ ਮਹੀਨੇ ਚੱਕਰਵਾਤੀ ਤੂਫ਼ਾਨ ਤੌਕਤੇ ਦੀ ਵਜ੍ਹਾ ਨਾਲ ਨੁਕਸਾਨ ਪਹੁੰਚਿਆ ਸੀ। 


Tanu

Content Editor

Related News