26/11 ਮੁੰਬਈ ਹਮਲਾ : ਉਹ 5 ਸ਼ਹੀਦ ਜਵਾਨ, ਜਿਨ੍ਹਾਂ ਦੀ ਬਹਾਦਰੀ ਨੂੰ ਅੱਜ ਵੀ ਯਾਦ ਕਰਦੇ ਹਨ ਲੋਕ

Thursday, Nov 26, 2020 - 09:58 AM (IST)

ਮੁੰਬਈ— ਮੁੰਬਈ 'ਚ 26 ਨਵੰਬਰ 2008 ਨੂੰ ਅੱਤਵਾਦੀ ਹਮਲਾ ਹੋਇਆ, ਜਿਸ ਦੀ ਅੱਜ 12ਵੀਂ ਬਰਸੀ ਹੈ। ਇਸ ਅੱਤਵਾਦੀ ਹਮਲੇ ਵਿਚ ਕਈਆਂ ਨੇ ਆਪਣਿਆਂ ਨੂੰ ਹਮੇਸ਼ਾ ਲਈ ਗੁਆ ਦਿੱਤਾ, ਜਿਸ ਦੇ ਜ਼ਖਮ ਅੱਜ ਵੀ ਤਾਜ਼ਾ ਹਨ। ਪਾਕਿਸਤਾਨੀ ਅੱਤਵਾਦੀਆਂ ਨੇ ਤਾਜ ਅਤੇ ਟ੍ਰਾਈਡੇਂਟ ਹੋਟਲ ਦੇ ਨਾਲ-ਨਾਲ ਛਤਰਪਤੀ ਸ਼ਿਵਾਜੀ ਟਰਮੀਨਸ 'ਤੇ ਹਮਲਾ ਕੀਤਾ ਸੀ। ਇਸ ਹਮਲੇ 'ਚ 166 ਦੇ ਕਰੀਬ ਬੇਕਸੂਰ ਲੋਕ ਮਾਰੇ ਗਏ ਸਨ ਅਤੇ 300 ਤੋਂ ਵਧੇਰੇ ਜ਼ਖਮੀ ਹੋਏ। ਮੁੰਬਈ 'ਚ ਹੋਏ ਇਸ ਹਮਲੇ ਨੂੰ ਇਤਿਹਾਸ ਦਾ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਕਿਹਾ ਜਾਂਦਾ ਹੈ। ਹਮਲੇ ਨੂੰ ਅੰਜ਼ਾਮ ਦੇਣ ਲਈ ਪਾਕਿਸਤਾਨ ਤੋਂ ਆਏ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਦਾ ਸਾਡੇ ਬਹਾਦਰ ਪੁਲਸ ਕਰਮਚਾਰੀਆਂ ਅਤੇ ਐੱਨ. ਐੱਸ. ਜੀ. ਦੇ ਜਵਾਨਾਂ ਨੇ ਡਟ ਕੇ ਸਾਹਮਣਾ ਕੀਤਾ ਅਤੇ ਕਈ ਲੋਕਾਂ ਦੀ ਜਾਨ ਬਚਾਈ। ਉਨ੍ਹਾਂ 'ਚੋਂ 5 ਨੇ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਆਓ ਜਾਣਦੇ ਹਾਂ ਉਨ੍ਹਾਂ ਬਾਰੇ—

PunjabKesariਹੇਮੰਤ ਕਰਕਰੇ— ਮੁੰਬਈ ਏ. ਟੀ. ਐੱਸ. ਦੇ ਚੀਫ ਹੇਮੰਤ ਕਰਕਰੇ ਉਸ ਰਾਤ ਆਪਣੇ ਘਰ 'ਚ ਖਾਣਾ ਖਾ ਰਹੇ ਸਨ, ਜਦੋਂ ਉਨ੍ਹਾਂ ਕੋਲ ਅੱਤਵਾਦੀ ਹਮਲੇ ਨੂੰ ਲੈ ਕੇ ਕ੍ਰਾਈਮ ਬਰਾਂਚ ਤੋਂ ਫੋਨ ਆਇਆ। ਇਸ ਫੋਨ ਕਾਲ ਨੂੰ ਸੁਣਨ ਤੋਂ ਬਾਅਦ ਹੇਮੰਤ ਤੁਰੰਤ ਘਰੋਂ ਨਿਕਲੇ ਅਤੇ ਏ. ਸੀ. ਪੀ. ਅਸ਼ੋਕ ਕਾਮਟੇ, ਇੰਸਪੈਕਟਰ ਵਿਜੇ ਸਾਲਸਕਰ ਨਾਲ ਮੋਰਚਾ ਸੰਭਾਲਿਆ। ਅੱਤਵਾਦੀ ਅਜ਼ਮਲ ਕਸਾਬ ਅਤੇ ਇਸਮਾਈਲ ਖਾਨ ਦੀ ਅੰਨ੍ਹੇਵਾਹ ਗੋਲੀਆਂ ਵਰ੍ਹਾਉਣ ਕਾਰਨ ਉਹ ਸ਼ਹੀਦ ਹੋ ਗਏ। ਮਰਨ ਉਪਰੰਤ ਉਨ੍ਹਾਂ ਨੂੰ ਅਸ਼ੋਕ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ।

PunjabKesari

ਤੁਕਾਰਾਮ ਓਂਬਲੇ— ਮੁੰਬਈ ਪੁਲਸ ਦੇ ਏ. ਐੱਸ. ਆਈ. ਤੁਕਾਰਾਮ ਓਂਬਲੇ ਹੀ ਉਹ ਜਾਂਬਾਜ਼ ਸਨ, ਜਿਨ੍ਹਾਂ ਨੇ ਅੱਤਵਾਦੀ ਕਸਾਬ ਦਾ ਬਿਨਾਂ ਕਿਸੇ ਹਥਿਆਰ ਦੇ ਸਾਹਮਣਾ ਕੀਤਾ ਅਤੇ ਅਖੀਰ 'ਚ ਉਸ ਨੂੰ ਦਬੋਚ ਲਿਆ। ਇਸ ਦੌਰਾਨ ਉਨ੍ਹਾਂ ਨੂੰ ਕਸਾਬ ਦੀ ਬੰਦੂਕ ਨਾਲ ਕਈ ਗੋਲੀਆਂ ਲੱਗੀਆਂ ਅਤੇ ਉਹ ਸ਼ਹੀਦ ਹੋ ਗਏ। ਸ਼ਹੀਦ ਤੁਕਾਰਾਮ ਨੂੰ ਉਨ੍ਹਾਂ ਦੀ ਬਹਾਦਰੀ ਲਈ ਵੀਰਤਾ ਪੁਰਸਕਾਰ ਅਸ਼ੋਕ ਚੱਕਰ ਨਾਲ ਸਨਮਾਨਤ ਕੀਤਾ ਗਿਆ।

PunjabKesari

ਅਸ਼ੋਕ ਕਾਮਟੇ— ਅਸ਼ੋਕ ਕਾਮਟੇ ਮੁੰਬਈ ਪੁਲਸ 'ਚ ਬਤੌਰ ਏ. ਸੀ. ਪੀ. ਤਾਇਨਾਤ ਸਨ। ਜਿਸ ਸਮੇਂ ਮੁੰਬਈ 'ਤੇ ਅੱਤਵਾਦੀ ਹਮਲਾ ਹੋਇਆ, ਉਹ ਏ. ਟੀ. ਐੱਸ. ਚੀਫ ਹੇਮੰਤ ਕਰਕਰੇ ਨਾਲ ਸਨ। ਪਾਕਿਸਤਾਨੀ ਵਲੋਂ ਕੀਤੀ ਗਈ ਗੋਲੀਬਾਰੀ ਦਾ ਉਨ੍ਹਾਂ ਨੇ ਡਟ ਕੇ ਸਾਹਮਣਾ ਕੀਤਾ। ਅੱਤਵਾਦੀ ਇਸਮਾਈਲ ਖਾਨ ਨੇ ਉਨ੍ਹਾਂ 'ਤੇ ਗੋਲੀਆਂ ਦੀ ਬੌਛਾਰ ਕਰ ਦਿੱਤੀ। ਇਕ ਗੋਲੀ ਉਨ੍ਹਾਂ ਦੇ ਸਿਰ 'ਚ ਜਾ ਲੱਗੀ। ਜ਼ਖਮੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਦੁਸ਼ਮਣ ਨੂੰ ਮਾਰ ਡਿਗਾਇਆ।

PunjabKesariਵਿਜੇ ਸਾਲਸਕਰ— ਸੀਨੀਅਰ ਪੁਲਸ ਇੰਸਪੈਕਟਰ ਵਿਜੇ ਸਾਲਸਕਰ ਕਾਮਾ ਹਸਪਤਾਲ ਦੇ ਬਾਹਰ ਹੇਮੰਤ ਕਰਕਰੇ ਅਤੇ ਅਸ਼ੋਕ ਕਾਮਟੇ ਨਾਲ ਅੱਤਵਾਦੀਆਂ ਵਲੋਂ ਕੀਤੀ ਗਈ ਗੋਲੀਬਾਰੀ 'ਚ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਏ ਸਨ। ਸ਼ਹੀਦ ਵਿਜੇ ਨੂੰ ਮਰਨ ਉਪਰੰਤ ਅਸ਼ੋਕ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ।

PunjabKesari

ਮੇਜਰ ਸੰਦੀਪ— ਮੇਜਰ ਸੰਦੀਪ ਉੱਨੀਕ੍ਰਿਸ਼ਨਨ ਨੈਸ਼ਨਲ ਸਕਿਓਰਿਟੀ ਗਾਰਡਸ (ਐਨ. ਐੱਸ. ਜੀ.) ਦੇ ਕਮਾਂਡੋ ਸਨ। ਉਹ 26/11 ਐਨਕਾਊਂਟਰ ਦੌਰਾਨ ਮਿਸ਼ਨ ਆਪਰੇਸ਼ਨ ਬਲੈਕ ਟਾਰਨੇਡੋ ਦੀ ਅਗਵਾਈ ਕਰ ਰਹੇ ਸਨ। ਜਦੋਂ ਉਹ ਤਾਜ ਹੋਟਲ 'ਤੇ ਕਬਜ਼ਾ ਕਰ ਕੇ ਬੈਠੇ ਪਾਕਿਸਤਾਨੀ ਅੱਤਵਾਦੀਆਂ ਨਾਲ ਲੜ ਰਹੇ ਸਨ ਤਾਂ ਇਕ ਅੱਤਵਾਦੀ ਨੇ ਪਿੱਛਿਓਂ ਹਮਲਾ ਕੀਤਾ, ਜਿਸ ਨਾਲ ਉਹ ਘਟਨਾ ਵਾਲੀ ਥਾਂ 'ਤੇ ਹੀ ਸ਼ਹੀਦ ਹੋ ਗਏ। ਮਰਨ ਉਪਰੰਤ ਉਨ੍ਹਾਂ ਨੂੰ 2009 'ਚ ਅਸ਼ੋਕ ਚੱਕਰ ਨਾਲ ਸਨਮਾਨਤ ਕੀਤਾ ਗਿਆ। ਇਨ੍ਹਾਂ 5 ਬਹਾਦਰ ਸ਼ਹੀਦਾਂ ਤੋਂ ਇਲਾਵਾ ਗਜਿੰਦਰ ਸਿੰਘ, ਨਾਗਪਾ ਆਰ. ਮਹਾਲੇ, ਕਿਸ਼ੋਰ ਕੇ. ਸ਼ਿੰਦੇ, ਸੰਜੇ ਗੋਵੀਲਕਰ, ਸੁਨੀਲ ਕੁਮਾਰ ਯਾਦਵ ਅਤੇ ਕਈ ਹੋਰਨਾਂ ਨੇ ਵੀ ਬਹਾਦਰੀ ਦੀ ਮਿਸਾਲ ਪੇਸ਼ ਕੀਤੀ।


DIsha

Content Editor

Related News