''ਇਕੱਲੇਪਣ'' ''ਚ ਹੀ ਦੁਨੀਆ ਛੱਡ ਗਿਆ 200 ਕਰੋੜ ਦੀ ਜਾਇਦਾਦ ਦਾ ਮਾਲਕ

Saturday, Oct 19, 2019 - 12:44 PM (IST)

''ਇਕੱਲੇਪਣ'' ''ਚ ਹੀ ਦੁਨੀਆ ਛੱਡ ਗਿਆ 200 ਕਰੋੜ ਦੀ ਜਾਇਦਾਦ ਦਾ ਮਾਲਕ

ਮੁੰਬਈ— ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੇ ਨੇਪੀਅਨ ਸੀ ਰੋਡ ਸਥਿਤ 200 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਨਿਖਲ ਝਾਵੇਰੀ ਦੀ ਬੀਤੇ ਦਿਨ ਨਿਮੋਨੀਆ ਨਾਲ ਮੌਤ ਹੋ ਗਈ। ਝਾਵੇਰੀ ਦੋ ਸਾਲ ਤੋਂ ਹਸਪਤਾਲ 'ਚ ਭਰਤੀ ਸੀ। ਹਸਪਤਾਲ 'ਚ ਆਖਰੀ ਸਾਹ ਲੈਣ ਵਾਲੇ ਝਾਵੇਰੀ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਉਸ ਦੀ ਮੌਤ ਦੇ ਸਮੇਂ ਉਸ ਦੇ ਨਾਲ ਨਹੀਂ ਸੀ। ਪੁਲਸ ਨੇ ਬਹੁਤ ਮੁਸ਼ਕਲਾਂ ਬਾਅਦ ਉਸ ਦੇ ਬੇਟੇ ਨਾਲ ਸੰਪਰਕ ਕੀਤਾ ਅਤੇ ਝਾਵੇਰੀ ਦੀ ਮੌਤ ਦੀ ਜਾਣਕਾਰੀ ਦਿੱਤੀ।

ਨਿਖਿਲ ਝਾਵੇਰੀ ਪਿਛਲੇ ਕਈ ਸਾਲਾਂ ਤੋਂ ਗੰਭੀਰ ਸਰੀਰਕ ਅਤੇ ਮਾਨਸਿਕ ਬੀਮਾਰੀਆਂ ਨਾਲ ਜੂਝ ਰਿਹਾ ਸੀ। ਸਾਲ 2013 'ਚ ਉਹ ਕਾਂਦੀਵਲੀ ਸਥਿਤ ਆਪਣੀ ਭੈਣ ਦੇ ਘਰ ਤੋਂ ਅਚਾਨਕ ਗਾਇਬ ਹੋ ਗਿਆ। ਬਾਅਦ 'ਚ ਉਸ ਨੂੰ ਬੋਰੀਵਲੀ ਪੁਲਸ ਥਾਣੇ ਕੋਲੋਂ ਬਰਾਮਦ ਕੀਤਾ ਗਿਆ ਅਤੇ ਕਿਸੇ ਐੱਨ. ਜੀ. ਓ. ਵਲੋਂ ਸੰਚਾਲਿਤ ਇਕ ਆਸ਼ਰਮ 'ਚ ਭੇਜ ਦਿੱਤਾ ਗਿਆ। ਜਨਵਰੀ 2014 'ਚ ਉਸ ਦੀ ਪਛਾਣ ਨਿਖਿਲ ਝਾਵੇਰੀ ਵਜੋਂ ਕੀਤੀ ਗਈ। ਇਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਭਰਤੀ ਕਰਨ ਲਈ ਅਦਾਲਤ ਨੇ ਹੁਕਮ ਜਾਰੀ ਕੀਤਾ।

ਕੋਰਟ ਨੇ ਉਸ ਦੀ ਜਾਇਦਾਦ ਸਬੰਧੀ ਥਰਡ ਪਾਰਟੀ ਵਲੋਂ ਕਿਸੇ ਵੀ ਤਰ੍ਹਾਂ ਦੀ ਡੀਲ ਕਰਨ 'ਤੇ ਰੋਕ ਲਗਾ ਦਿੱਤੀ ਅਤੇ ਜਾਇਦਾਦ ਦੀ ਦੇਖ ਰੇਖ ਲਈ ਰਿਸੀਵਰ ਨਿਯੁਕਤ ਕਰ ਦਿੱਤਾ। ਉਹ ਦੋ ਸਾਲਾਂ ਤੋਂ ਹਸਪਤਾਲ 'ਚ ਭਰਤੀ ਸੀ ਪਰ ਉਸ ਦਾ ਕੋਈ ਪਰਿਵਾਰਕ ਮੈਂਬਰ ਉਸ ਨੂੰ ਦੇਖਣ ਨਹੀਂ ਆਇਆ। ਹੁਣ ਤੱਕ ਝਾਵੇਰੀ ਦਾ ਲਗਭਗ ਡੇਢ ਲੱਖ ਦਾ ਬਿੱਲ ਹਸਪਤਾਲ 'ਚ ਬਕਾਇਆ ਹੈ। ਝਾਵੇਰੀ ਦੀਆਂ ਜਾਇਦਾਦਾਂ ਸਬੰਧੀ ਉੁਨ੍ਹਾਂ ਦੇ ਪਰਿਵਾਰਕ ਮੈਂਬਰ ਵਿਚਾਲੇ ਵਿਵਾਦ ਹੈ। ਉਸ ਦੇ ਦੋ ਵਿਆਹ ਹੋਏ ਸਨ। ਉਸ ਨੂੰ ਘਰੋਂ ਕੱਢ ਦਿੱਤਾ ਸੀ ਅਤੇ ਪਰਿਵਾਰ ਨੇ ਉਸ ਦਾ ਸਾਥ ਛੱਡ ਦਿੱਤਾ ਸੀ। ਪੁਲਸ ਜਾਂਚ ਕਰ ਰਹੀ ਹੈ।


author

DIsha

Content Editor

Related News