26 ਜਨਵਰੀ ਵਾਲੇ ਦਿਨ ਆਹ ਕੀ ਹੋ ਗਿਆ ? ਹੱਥ ''ਚ ਹਥੌੜਾ ਤੇ ਬਾਬਾ ਸਾਹਿਬ ਦੀ ਮੂਰਤੀ ''ਤੇ ਚੜ੍ਹ ਗਿਆ ਨੌਜਵਾਨ...
Sunday, Jan 26, 2025 - 08:27 PM (IST)
ਅੰਮ੍ਰਿਤਸਰ- ਇੱਕ ਪਾਸੇ ਅੱਜ ਪੂਰੇ ਦੇਸ਼ ਦੇ ਵਿੱਚ 76ਵਾਂ ਗਣਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ ਕਿਉਂਕਿ ਅੱਜ ਦੇ ਦਿਨ ਭਾਰਤ ਵਿੱਚ ਸੰਵਿਧਾਨ ਲਾਗੂ ਹੋਇਆ ਸੀ। ਦੂਜੇ ਪਾਸੇ ਸੰਵਿਧਾਨ ਲਿਖਣ ਵਾਲੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ, ਜੋ ਕਿ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ 'ਤੇ ਲੱਗੀ ਹੋਈ ਹੈ, ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹੀ ਨਹੀਂ, ਇਸ ਤੋਂ ਇਲਾਵਾ ਸੰਵਿਧਾਨ ਦੀ ਕਾਪੀ ਨੂੰ ਵੀ ਅੱਗ ਲਗਾਈ ਗਈ।
ਜਦੋਂ ਇਸ ਮਾਮਲੇ ਦੀ ਜਾਣਕਾਰੀ ਵੱਖ-ਵੱਖ ਦਲਿਤ ਸਮਾਜ ਦੀਆਂ ਜਥੇਬੰਦੀਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਇਸ ਘਟਨਾ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲਿਤ ਸਮਾਜ ਦੇ ਆਗੂਆਂ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਦੇ ਨਜ਼ਦੀਕ ਪੁਲਸ ਸੁਰੱਖਿਆ ਲਗਾਉਣ ਦੀ ਸਾਡੇ ਵੱਲੋਂ ਮੰਗ ਵੀ ਕੀਤੀ ਗਈ ਸੀ, ਪਰ ਪੁਲਸ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਤੇ ਇਸੇ ਕਾਰਨ ਅੱਜ ਇਕ ਸ਼ਰਾਰਤੀ ਵਿਅਕਤੀ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਤੋੜਨ ਦੀ ਕੋਸ਼ਿਸ਼ ਕੀਤੀ ਗਈ।
ਇਹ ਵੀ ਪੜ੍ਹੋ- ਹਸਪਤਾਲ ਦੀ ਬੱਤੀ ਗੁੱਲ ਹੋਣ ਦੇ ਮਾਮਲੇ ਦਾ ਸਿਹਤ ਮੰਤਰੀ ਨੇ ਲਿਆ ਨੋਟਿਸ, ਜਾਂਚ ਦੇ ਹੁਕਮ ਕੀਤੇ ਜਾਰੀ
ਇਸ ਮਾਮਲੇ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਦਿਖਾਈ ਦੇ ਰਿਹਾ ਹੈ ਕਿ ਇਕ ਨੌਜਵਾਨ ਪੌੜੀ ਲਗਾ ਕੇ ਬਾਬਾ ਸਾਹਿਬ ਦੀ ਮੂਰਤੀ 'ਤੇ ਚੜ੍ਹ ਰਿਹਾ ਹੈ ਤੇ ਹੱਥ 'ਚ ਹਥੌੜਾ ਫੜ੍ਹ ਕੇ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਦਲਿਤ ਆਗੂਆਂ ਨੇ ਅੱਗੇ ਕਿਹਾ ਕਿ ਪੁਲਸ ਵੱਲੋਂ ਬੇਸ਼ੱਕ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਉਸ ਵਿਅਕਤੀ ਨੂੰ ਸਜ਼ਾ ਸਾਡੇ ਹਿਸਾਬ ਨਾਲ ਦਿੱਤੀ ਜਾਵੇ।
ਦੂਜੇ ਪਾਸੇ ਇਸ ਮਾਮਲੇ 'ਚ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਉਸ ਸ਼ਰਾਰਤੀ ਅਨਸਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਕਤ ਵਿਅਕਤੀ ਅੰਮ੍ਰਿਤਸਰ ਦਾ ਨਹੀਂ, ਸਗੋਂ ਕਿਸੇ ਹੋਰ ਜ਼ਿਲ੍ਹੇ ਦਾ ਹੈ। ਫਿਲਹਾਲ ਉਸ ਕੋਲੋਂ ਪੁੱਛਗਿੱਛ ਕਰ ਕੇ ਅੰਮ੍ਰਿਤਸਰ ਆਉਣ ਦੇ ਵੀ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ ਤੇ ਪੁਲਸ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕਰੇਗੀ।
ਇਹ ਵੀ ਪੜ੍ਹੋ- ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ CBSE ਨੇ ਜਾਰੀ ਕੀਤੀ ਸਖ਼ਤ ਹਦਾਇਤ, ਨਾ ਮੰਨਣ 'ਤੇ ਲੱਗੇਗਾ 2 ਸਾਲ ਦਾ Ban
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e