ਭੱਖ਼ਦੀ ਗਰਮੀ ''ਚ ਮੁੱਕ ਗਿਆ ਪਾਣੀ ! ਸਿਰਫ਼ 40 ਦਿਨਾਂ ਦੀ ਬਚੀ ਸਪਲਾਈ, ਮੁੰਬਈ ''ਚ ਮਚੀ ਹਾਹਾਕਾਰ
Thursday, Jun 18, 2026 - 10:52 AM (IST)
ਮੁੰਬਈ- ਮੁੰਬਈ ਇਸ ਸਮੇਂ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ। ਸਥਿਤੀ ਇੰਨੀ ਗੰਭੀਰ ਹੋ ਗਈ ਹੈ ਕਿ ਸ਼ਹਿਰ ਨੂੰ ਪਾਣੀ ਸਪਲਾਈ ਕਰਨ ਵਾਲੇ ਜਲ ਭੰਡਾਰਾਂ 'ਚ ਸਿਰਫ਼ 9.65% ਪਾਣੀ ਹੀ ਬਚਿਆ ਹੈ। ਪਾਣੀ ਦੀ ਲਗਾਤਾਰ ਕਟੌਤੀ ਵਿਚਾਲੇ ਹੁਣ ਖੂਹ ਸੁੱਕਣ ਲੱਗੇ ਹਨ, ਜਿਸ ਨਾਲ ਟੈਂਕਰਾਂ ਦੀ ਸਪਲਾਈ ਲਗਭਗ ਅੱਧੀ ਹੋ ਗਈ ਹੈ। ਬ੍ਰਿਹਨਮੁੰਬਈ ਨਗਰ ਨਿਗਮ (BMC) ਦਾ ਕਹਿਣਾ ਹੈ ਕਿ ਮੌਜੂਦਾ ਸਟਾਕ ਸ਼ਾਇਦ ਸਿਰਫ਼ 40 ਦਿਨਾਂ ਤੱਕ ਹੀ ਚੱਲੇਗਾ।
ਜਲ ਭੰਡਾਰਾਂ 'ਚ ਘੱਟ ਗਿਆ ਹੈ ਪਾਣੀ ਦਾ ਪੱਧਰ
ਮੁੰਬਈ ਨੂੰ ਪਾਣੀ ਸਪਲਾਈ ਕਰਨ ਵਾਲੇ ਸਾਰੇ ਸੱਤ ਜਲ ਭੰਡਾਰਾਂ 'ਚ ਪਾਣੀ ਦਾ ਪੱਧਰ ਤੇਜ਼ੀ ਨਾਲ ਘਟ ਗਿਆ ਹੈ। ਸੰਯੁਕਤ ਭੰਡਾਰ ਹੁਣ ਘੱਟ ਕੇ 9.65% ਹੋ ਗਿਆ ਹੈ। 'ਅੱਪਰ ਵੈਤਰਨਾ' ਪੂਰੀ ਤਰ੍ਹਾਂ ਸੁੱਕ ਗਿਆ ਹੈ, ਜਦੋਂ ਕਿ ਤਾਨਸਾ 'ਚ ਸਿਰਫ਼ 5.13% ਪਾਣੀ ਬਚਿਆ ਹੈ। ਸ਼ਹਿਰ ਦਾ ਮੁੱਖ ਸਰੋਤ, ਭਾਤਸਾ ਵੀ ਸਿਰਫ਼ 9.64% ਤੱਕ ਪਹੁੰਚ ਗਿਆ ਹੈ। ਇਹ ਸਥਿਤੀ ਆਉਣ ਵਾਲੇ ਦਿਨਾਂ ਲਈ ਬਹੁਤ ਚਿੰਤਾਜਨਕ ਮੰਨੀ ਜਾ ਰਹੀ ਹੈ।
ਖੂਹ ਸੁੱਕਣ ਨਾਲ ਟੈਂਕਰਾਂ 'ਤੇ ਵੀ ਅਸਰ
ਭਿਆਨਕ ਗਰਮੀ ਅਤੇ ਤੇਜ਼ੀ ਨਾਲ ਹੋ ਰਹੇ ਕੰਕਰੀਟੀਕਰਨ ਕਾਰਨ ਭੂਮੀਗਤ ਪਾਣੀ ਦਾ ਪੱਧਰ ਬਹੁਤ ਘੱਟ ਗਿਆ ਹੈ। ਕਈ ਖੂਹ ਸੁੱਕਣ ਦੀ ਕਗਾਰ 'ਤੇ ਹਨ। ਵਾਟਰ ਟੈਂਕਰ ਐਸੋਸੀਏਸ਼ਨ ਅਨੁਸਾਰ, ਪਾਣੀ ਦੀ ਕਮੀ ਕਾਰਨ ਟੈਂਕਰਾਂ ਦੀ ਸਪਲਾਈ 'ਚ ਲਗਭਗ 50 ਫੀਸਦੀ ਤੱਕ ਗਿਰਾਵਟ ਆ ਗਈ ਹੈ। ਇਸ ਨਾਲ ਉਨ੍ਹਾਂ ਇਲਾਕਿਆਂ 'ਚ ਸੰਕਟ ਹੋਰ ਵਧ ਗਿਆ ਹੈ, ਜੋ ਟੈਂਕਰਾਂ 'ਤੇ ਨਿਰਭਰ ਹਨ।
ਨਗਰ ਨਿਗਮ ਵਲੋਂ ਜਾਰੀ ਸਲਕੂਲਰ
ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਬ੍ਰਿਹਨਮੁੰਬਈ ਨਗਰ ਨਿਗਮ (BMC) ਨੇ ਇਕ ਸਖ਼ਤ ਸਰਕੂਲਰ ਜਾਰੀ ਕੀਤਾ ਹੈ, ਜਿਸ ਦੇ ਅਧੀਨ ਪਾਣੀ ਬਚਾਉਣ ਲਈ ਕਈ ਵੱਡੇ ਫੈਸਲੇ ਲਏ ਗਏ ਹਨ ਤਾਂ ਕਿ ਮੌਜੂਦਾ ਜਲ ਭੰਡਾਰਾਂ ਨੂੰ ਲੰਬੇ ਸਮੇਂ ਤੱਕ ਚਲਾਇਆ ਜਾ ਸਕੇ ਅਤੇ ਸੰਕਟ ਨੂੰ ਕੰਟਰੋਲ ਕੀਤਾ ਜਾ ਸਕੇ।
ਪਾਣੀ 'ਚ ਕਟੌਤੀ ਅਤੇ ਸਖ਼ਤ ਪਾਬੰਦੀਆਂ
BMC ਨੇ ਪਹਿਲਾਂ ਤੋਂ ਹੀ ਲਾਗੂ 10% ਪਾਣੀ ਦੀ ਕਟੌਤੀ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਉਸਾਰੀ ਵਾਲੀਆਂ ਥਾਵਾਂ 'ਤੇ ਸਾਰੇ ਅਸਥਾਈ ਪਾਣੀ ਦੇ ਕੁਨੈਕਸ਼ਨ ਮੁਅੱਤਲ ਕਰ ਦਿੱਤੇ ਗਏ ਹਨ ਅਤੇ ਕੋਈ ਨਵਾਂ ਕੁਨੈਕਸ਼ਨ ਜਾਰੀ ਨਹੀਂ ਕੀਤਾ ਜਾਵੇਗਾ। ਸ਼ਹਿਰ ਦੇ ਸਾਰੇ ਸਵੀਮਿੰਗ ਪੂਲਾਂ ਨੂੰ ਪਾਣੀ ਦੀ ਸਪਲਾਈ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤੀ ਗਈ ਹੈ। ਉਦਯੋਗਿਕ ਅਤੇ ਵਪਾਰਕ ਇਕਾਈਆਂ ਨੂੰ ਵੀ ਕੋਈ ਰਾਹਤ ਨਹੀਂ ਮਿਲੀ ਹੈ। ਉਨ੍ਹਾਂ ਨੂੰ ਆਪਣੀ ਰੋਜ਼ਾਨਾ ਪਾਣੀ ਦੀ ਖਪਤ ਨੂੰ 20% ਘਟਾਉਣਾ ਪਵੇਗਾ। ਬੋਤਲਬੰਦ ਪਲਾਂਟਾਂ ਨੂੰ ਸਿਰਫ਼ ਜ਼ਰੂਰੀ ਜ਼ਰੂਰਤਾਂ ਲਈ ਪਾਣੀ ਮਿਲੇਗਾ, ਤਾਂ ਜੋ ਪੀਣ ਵਾਲੇ ਪਾਣੀ ਨੂੰ ਤਰਜੀਹ ਦਿੱਤੀ ਜਾ ਸਕੇ।
ਰੋਜ਼ਾਨਾ ਵਰਤੋਂ 'ਤੇ ਵੀ ਲਗਾਈਆਂ ਗਈਆਂ ਹਨ ਪਾਬੰਦੀਆਂ
ਬੀਐੱਮਸੀ ਨੇ ਸਪੱਸ਼ਟ ਕੀਤਾ ਹੈ ਕਿ ਕਾਰ ਧੋਣ, ਬਾਗਬਾਨੀ ਅਤੇ ਸੜਕਾਂ ਦੀ ਸਫਾਈ ਵਰਗੇ ਉਦੇਸ਼ਾਂ ਲਈ ਪੀਣ ਵਾਲੇ ਪਾਣੀ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਲੋਕਾਂ ਨੂੰ ਇਸ ਉਦੇਸ਼ ਲਈ ਬੋਰਵੈੱਲ ਜਾਂ ਹੋਰ ਸਰੋਤਾਂ ਦੀ ਵਰਤੋਂ ਕਰਨੀ ਪਵੇਗੀ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਰੇਲਵੇ, ਰੇਲਵੇ ਕੋਚ ਫੈਕਟਰੀ, ਤੇਲ ਕੰਪਨੀਆਂ ਅਤੇ ਜਲ ਸੈਨਾ ਵਰਗੇ ਪ੍ਰਮੁੱਖ ਅਦਾਰਿਆਂ ਨੂੰ ਆਪਣੇ ਕਾਰਜਾਂ 'ਚ ਰੀਸਾਈਕਲ ਜਾਂ ਟ੍ਰੀਟੇਡ ਕੀਤੇ ਪਾਣੀ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦਾ ਉਦੇਸ਼ ਪੀਣ ਵਾਲੇ ਪਾਣੀ ਦਾ ਦਬਾਅ ਘਟਾਉਣਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
