ਮੁਖਤਾਰ ਅੰਸਾਰੀ ਗਿਰੋਹ ਦੇਸ਼ ਦਾ ਸਭ ਤੋਂ ''ਖ਼ਤਰਨਾਕ ਗੈਂਗ'' : ਹਾਈ ਕੋਰਟ
Saturday, Mar 11, 2023 - 01:31 PM (IST)
ਪ੍ਰਯਾਗਰਾਜ- ਮੁਖਤਾਰ ਅੰਸਾਰੀ ਗਿਰੋਹ ਦੇ ਮੈਂਬਰ ਖ਼ਤਰਨਾਕ ਅਪਰਾਧੀ ਰਾਮੂ ਮੱਲ੍ਹਾ ਦੀ ਜ਼ਮਾਨਤ ਅਰਜ਼ੀ ਖਾਰਜ ਕਰਦਿਆਂ ਇਲਾਹਾਬਾਦ ਹਾਈ ਕੋਰਟ ਨੇ ਇਸ ਗਿਰੋਹ ਨੂੰ ਦੇਸ਼ ਦਾ ਸਭ ਤੋਂ ਖ਼ਤਰਨਾਕ ਗੈਂਗ ਕਰਾਰ ਦਿੱਤਾ ਹੈ। ਜਸਟਿਸ ਦਿਨੇਸ਼ ਕੁਮਾਰ ਸਿੰਘ ਨੇ ਕਿਹਾ ਦੋਸ਼ੀ ਪਟੀਸ਼ਨਰ ਇਕ ਖ਼ਤਰਨਾਕ ਅਪਰਾਧੀ ਹੈ ਅਤੇ ਭਾਰਤ ਦੇ ਸਭ ਤੋਂ ਖ਼ਤਰਨਾਕ ਅਪਰਾਧੀ ਗਿਰੋਹ ਮੁਖਤਾਰ ਅੰਸਾਰੀ ਗੈਂਗ ਦਾ ਮੈਂਬਰ ਹੈ। ਉਸ 'ਤੇ ਕਈ ਘਿਨਾਉਣੇ ਅਪਰਾਧਾਂ ਦੇ ਕੇਸ ਚੱਲ ਰਹੇ ਹਨ।
ਮੁਲਜ਼ਮ ਪਟੀਸ਼ਨਰ ਦੀ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕਰਦਿਆਂ ਵਧੀਕ ਸਰਕਾਰੀ ਵਕੀਲ ਰਤੇਂਦੂ ਕੁਮਾਰ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਗਵਾਹਾਂ ਦੇ ਮੁੱਕਰਨ ਦੀ ਵਜ੍ਹਾ ਕਾਰਨ ਮੁਲਜ਼ਮ ਪਟੀਸ਼ਨਰ ਬਰੀ ਹੋ ਸਕਿਆ। ਇਸ 'ਤੇ ਅਦਾਲਤ ਨੇ ਕਿਹਾ ਕਿ ਜੇਕਰ ਸਰਕਾਰ ਗਵਾਹਾਂ ਨੂੰ ਸੁਰੱਖਿਆ ਨਹੀਂ ਦਿੰਦੀ ਤਾਂ ਮੁਕੱਦਮੇ ਦੀ ਨਿਰਪੱਖ ਸੁਣਵਾਈ ਅਤੇ ਨਿਰਪੱਖ ਗਵਾਹੀ ਸੰਭਵ ਨਹੀਂ ਹੈ। ਭਾਰਤ 'ਚ ਇਹ ਵੇਖਿਆ ਗਿਆ ਹੈ ਕਿ ਗਵਾਹਾਂ ਨੂੰ ਜਾਨੋਂ ਮਾਰਨ ਜਾਂ ਉਨ੍ਹਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਤੋਂ ਗਵਾਹ ਮੁੱਕਰ ਜਾਂਦੇ ਹਨ ਅਤੇ ਦੋਸ਼ੀ ਬਰੀ ਹੋ ਜਾਂਦਾ ਹੈ।
ਅਦਾਲਤ ਨੇ 1 ਮਾਰਚ ਨੂੰ ਪਾਸ ਹੁਕਮ 'ਚ ਕਿਹਾ ਕਿ ਕੁਝ ਮਾਮਲਿਆਂ 'ਚ ਗਵਾਹਾਂ ਦੇ ਮੁੱਕਰਨ ਤੋਂ ਦੋਸ਼ੀ ਜੇਕਰ ਬਰੀ ਹੋ ਗਿਆ ਤਾਂ ਇਸ ਨਾਲ ਉਸ ਦਾ ਅਪਰਾਧਿਕ ਇਤਿਹਾਸ ਖ਼ਤਮ ਨਹੀਂ ਹੋ ਜਾਂਦਾ। ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਇਕ ਅਪਰਾਧੀ ਨੂੰ ਜੇਲ੍ਹ ਤੋਂ ਬਾਹਰ ਆਉਣ ਦਿੱਤਾ ਜਾਂਦਾ ਹੈ ਤਾਂ ਉਹ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਸਥਿਤੀ ਵਿਚ ਹੋਵੇਗਾ ਅਤੇ ਸਹੀ ਗਵਾਹੀ ਅਸੰਭਵ ਹੋਵੇਗੀ। ਇਸ ਲਈ ਮੈਨੂੰ ਮੁਲਜ਼ਮ ਪਟੀਸ਼ਨਰ ਦੇ ਵਕੀਲ ਦੀ ਇਸ ਦਲੀਲ 'ਚ ਕੋਈ ਦਮ ਨਜ਼ਰ ਨਹੀਂ ਆਉਂਦਾ ਕਿ ਮੁਲਜ਼ਮ ਬਰੀ ਹੋ ਚੁੱਕਾ ਹੈ, ਇਸ ਲਈ ਉਸ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਨਾਲ ਜ਼ਮਾਨਤ ਦੀ ਅਰਜ਼ੀ ਖਾਰਜ ਕੀਤੀ ਜਾਂਦੀ ਹੈ।