PM ਮੋਦੀ ਕੈਬਨਿਟ ਤੋਂ ਮੁੱਖਤਾਰ ਅੱਬਾਸ ਨਕਵੀ ਨੇ ਦਿੱਤਾ ਅਸਤੀਫ਼ਾ
Wednesday, Jul 06, 2022 - 05:05 PM (IST)
ਨਵੀਂ ਦਿੱਲੀ– ਕੇਂਦਰੀ ਮੰਤਰੀ ਮੁੱਖਤਾਰ ਅੱਬਾਸ ਨਕਵੀ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਅਸਤੀਫ਼ਾ ਦੇ ਦਿੱਤਾ ਹੈ। ਉਹ ਘੱਟ ਗਿਣਤੀ ਮਾਮਲਿਆਂ ਦਾ ਵਿਭਾਗ ਸੰਭਾਲ ਰਹੇ ਸਨ। ਨਕਵੀ ਰਾਜ ਸਭਾ ਦੇ ਮੈਂਬਰ ਸਨ, ਉਨ੍ਹਾਂ ਦਾ ਕਾਰਜਕਾਲ ਵੀਰਵਾਰ ਯਾਨੀ ਕਿ 7 ਜੁਲਾਈ ਨੂੰ ਖ਼ਤਮ ਹੋਣ ਜਾ ਰਿਹਾ ਹੈ। ਦਰਅਸਲ ਮੋਦੀ ਸਰਕਾਰ ਦੇ ਦੋ ਮੰਤਰੀਆਂ ਦੇ ਰਾਜ ਸਭਾ ਮੈਂਬਰ ਦਾ ਕਾਰਜਕਾਲ ਵੀਰਵਾਰ ਨੂੰ ਖ਼ਤਮ ਹੋ ਰਿਹਾ ਹੈ। ਇਸ ’ਚ ਨਕਵੀ ਤੋਂ ਇਲਾਵਾ ਜਦ (ਯੂ) ਕੋਟੇ ਤੋਂ ਆਰ. ਸੀ. ਪੀ. ਸਿੰਘ ਦਾ ਨਾਂ ਸ਼ਾਮਲ ਹੈ, ਉਨ੍ਹਾਂ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਇਹ ਦੋਵੇਂ ਨੇਤਾ ਫ਼ਿਲਹਾਲ 6 ਜੁਲਾਈ ਮਗਰੋਂ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਹੋਣਗੇ। ਆਰ. ਸੀ. ਪੀ. ਇਸਪਾਤ ਮੰਤਰਾਲਾ ਦਾ ਕਾਰਜਭਾਰ ਸੰਭਾਲ ਰਹੇ ਸਨ।
ਇਹ ਵੀ ਪੜ੍ਹੋ- ਅਗਨੀਪਥ ਯੋਜਨਾ ਨੂੰ ਲੈ ਕੇ ਨੌਜਵਾਨਾਂ 'ਚ ਉਤਸ਼ਾਹ, ਹਵਾਈ ਫ਼ੌਜ ਨੂੰ ਮਿਲੀਆਂ 7 ਲੱਖ ਤੋ ਵਧੇਰੇ ਅਰਜ਼ੀਆਂ
ਮੁੱਖਤਾਰ 8 ਸਾਲ ਤੋਂ ਮੋਦੀ ਕੈਬਨਿਟ 'ਚ ਸਨ
ਨਕਵੀ 2010 ਤੋਂ 2016 ਤੱਕ ਯੂ.ਪੀ. ਤੋਂ ਰਾਜ ਸਭਾ ਮੈਂਬਰ ਰਹੇ। 2016 ਵਿਚ ਉਨ੍ਹਾਂ ਨੂੰ ਝਾਰਖੰਡ ਤੋਂ ਰਾਜ ਸਭਾ ਭੇਜਿਆ ਗਿਆ ਸੀ। ਨਕਵੀ ਨੇ 1998 ’ਚ ਪਹਿਲੀ ਵਾਰ ਲੋਕ ਸਭਾ ਚੋਣਾਂ ਜਿੱਤੀਆਂ ਅਤੇ ਅਟਲ ਬਿਹਾਰੀ ਵਾਜਪਾਈ ਸਰਕਾਰ ’ਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ’ਚ ਰਾਜ ਮੰਤਰੀ ਬਣਾਇਆ ਗਿਆ ਸੀ। ਇਸ ਤੋਂ ਬਾਅਦ 26 ਮਈ 2014 ਨੂੰ ਉਹ ਮੋਦੀ ਸਰਕਾਰ ਵਿਚ ਘੱਟ ਗਿਣਤੀ ਮਾਮਲਿਆਂ ਅਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਬਣੇ।
ਇਹ ਵੀ ਪੜ੍ਹੋ- ਕੌਮੀ ਖ਼ੁਰਾਕ ਸੁਰੱਖਿਆ ਮਾਮਲੇ ’ਚ ਪੰਜਾਬ ਪਿਛੜਿਆ, ਓਡੀਸ਼ਾ ਨੇ ਮਾਰੀ ਬਾਜ਼ੀ, ਜਾਣੋ ਹੋਰ ਸੂਬਿਆਂ ਦਾ ਹਾਲ
ਰਾਜ ਸਭਾ ’ਚ ਨਕਵੀ ਦੇ ਕਾਰਜਕਾਲ ਦੀ ਸਮਾਪਤੀ ਨਾਲ ਭਾਜਪਾ ਦਾ ਸੰਸਦ ਮੈਂਬਰ ਕੋਈ ਮੁਸਲਿਮ ਨੁਮਾਇੰਦਾ ਨਹੀਂ ਰਹੇਗਾ। ਭਗਵਾ ਪਾਰਟੀ ਦੇ ਹੋਰ ਮੌਜੂਦਾ ਰਾਜ ਸਭਾ ਮੈਂਬਰ ਜਿਨ੍ਹਾਂ ਦਾ ਕਾਰਜਕਾਲ ਜੂਨ ਅਤੇ ਜੁਲਾਈ ’ਚ ਖ਼ਤਮ ਹੋ ਗਿਆ ਸੀ। ਉਹ ਹਨ- ਸਈਅਦ ਜ਼ਫਰ ਇਸਲਾਮ ਅਤੇ ਐੱਮ. ਜੇ ਅਕਬਰ ਹਨ। ਇਸਲਾਮ ਦਾ ਕਾਰਜਕਾਲ 4 ਜੁਲਾਈ ਨੂੰ ਖਤਮ ਹੋ ਗਿਆ ਸੀ, ਜਦਕਿ ਅਕਬਰ 29 ਜੂਨ ਨੂੰ ਸੇਵਾ ਮੁਕਤ ਹੋਏ ਸਨ। ਦੱਸਣਯੋਗ ਹੈ ਕਿ ਭਾਜਪਾ ਦੇ ਲੋਕ ਸਭਾ ਵਿਚ 301 ਮੈਂਬਰ ਹਨ ਪਰ ਇਨ੍ਹਾਂ ਵਿਚੋਂ ਇਕ ਵੀ ਮੁਸਲਮਾਨ ਨਹੀਂ ਹੈ। ਭਾਜਪਾ ਨੇ 2019 ਦੀਆਂ ਆਮ ਚੋਣਾਂ ’ਚ 6 ਮੁਸਲਿਮ ਉਮੀਦਵਾਰ ਉਤਾਰੇ ਸਨ ਪਰ ਉਹ ਸਾਰੇ ਚੋਣ ਹਾਰ ਗਏ। 2014 ਦੀਆਂ ਚੋਣਾਂ ਵਿਚ ਵੀ ਸਾਰੇ 7 ਉਮੀਦਵਾਰ ਚੋਣ ਹਾਰ ਗਏ।