ਗਲਾ ਦਬਾ ਕੇ ਨਹੀਂ, ਗਲੇ ਲਾ ਕੇ ਬੋਲਿਆ ਜਾ ਸਕਦੈ ''ਜੈ ਸ਼੍ਰੀਰਾਮ'' : ਨਕਵੀ

6/25/2019 4:05:57 PM

ਨਵੀਂ ਦਿੱਲੀ (ਭਾਸ਼ਾ)— ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਝਾਰਖੰਡ ਵਿਚ 24 ਸਾਲਾ ਵਿਅਕਤੀ ਦੀ ਕੁੱਟਮਾਰ ਕਰ ਕੇ ਹੱਤਿਆ ਕੀਤੇ ਜਾਣ ਦੀ ਘਟਨਾ ਨੂੰ 'ਗੰਭੀਰ ਅਪਰਾਧ' ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਗਲਾ ਦਬਾ ਕੇ ਨਹੀਂ, ਸਗੋਂ ਕਿ ਗਲੇ ਲਾ ਕੇ 'ਜੈ ਸ਼੍ਰੀਰਾਮ' ਦਾ ਨਾਅਰਾ ਲਾਇਆ ਜਾ ਸਕਦਾ ਹੈ। ਨਕਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਝਾਰਖੰਡ ਦੀ ਘਟਨਾ ਵਿਚ ਜੋ ਲੋਕ ਵੀ ਸ਼ਾਮਲ ਹਨ, ਉਨ੍ਹਾਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖਦਾਈ ਅਤੇ ਬਦਕਿਸਮਤੀ ਵਾਲੀ ਘਟਨਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਕੋਈ ਸਪੱਸ਼ਟੀਕਰਨ ਨਹੀਂ ਹੋ ਸਕਦਾ। ਵਿਕਾਸ ਦੇ ਏਜੰਡੇ 'ਤੇ ਕੋਈ ਵਿਨਾਸ਼ਕਾਰੀ ਏਜੰਡਾ ਹਾਵੀ ਨਹੀਂ ਹੋਣਾ ਚਾਹੀਦਾ। ਨਕਵੀ ਨੇ ਕਿਹਾ ਕਿ ਜੋ ਲੋਕ ਇੰਝ ਕਰਦੇ ਹਨ ਤਾਂ ਉਨ੍ਹਾਂ ਦਾ ਮਕਸਦ ਸਰਕਾਰ ਦੇ ਸਕਾਰਾਤਮਕ ਕੰਮ ਨੂੰ ਪ੍ਰਭਾਵਿਤ ਕਰਨਾ ਹੈ। ਕੁਝ ਘਟਨਾਵਾਂ ਹੋ ਰਹੀਆਂ ਹਨ, ਉਨ੍ਹਾਂ ਨੂੰ ਰੋਕਣਾ ਚਾਹੀਦਾ ਹੈ। ਖਬਰਾਂ ਮੁਤਾਬਕ ਝਾਰਖੰਡ ਦੇ ਸਰਾਏਕੇਲਾ ਸਰਸਾਵਾਂ ਜ਼ਿਲੇ ਵਿਚ ਭੀੜ ਨੇ ਤਬਰੇਜ ਅੰਸਾਰੀ ਨਾਂ ਦੇ ਵਿਅਕਤੀ ਨੂੰ ਚੋਰੀ ਦੇ ਦੋਸ਼ ਵਿਚ ਕੁੱਟਿਆ ਅਤੇ ਉਸ ਤੋਂ 'ਜੈ ਸ੍ਰੀਰਾਮ' ਅਤੇ 'ਜੈ ਹਨੂੰਮਾਨ' ਦੇ ਨਾਅਰੇ ਲਗਵਾਏ। ਕੁੱਟਮਾਰ ਕਾਰਨ ਬਾਅਦ ਵਿਚ ਅੰਸਾਰੀ ਦੀ ਮੌਤ ਹੋ ਗਈ।


Tanu

Edited By Tanu