MP ਦੇ ਸਾਬਕਾ ਮੰਤਰੀ ਦਾ ਅਜੀਬੋ-ਗਰੀਬ ਬਿਆਨ- ‘15 ਸਾਲ ਦੀ ਉਮਰ ’ਚ ਬੱਚੇ ਪੈਦਾ ਕਰ ਸਕਦੀਆਂ ਨੇ ਕੁੜੀਆਂ’

01/14/2021 4:15:07 PM

ਭੋਪਾਲ— ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਹੀ ਸੁਰਖੀਆਂ ਵਿਚ ਰਹਿਣ ਵਾਲੇ ਮੱਧ ਪ੍ਰਦੇਸ਼ ’ਚ ਕਾਂਗਰਸ ਦੇ ਸਾਬਕਾ ਮੰਤਰੀ ਸੱਜਣ ਸਿੰਘ ਵਰਮਾ ਨੇ ਇਕ ਅਜੀਬੋ-ਗਰੀਬ ਬਿਆਨ ਦਿੱਤਾ ਹੈ। ਦਰਅਸਲ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਕੁੜੀਆਂ ਦੇ ਵਿਆਹ ਦੀ ਉਮਰ 21 ਸਾਲ ਕੀਤੇ ਜਾਣ ਦੀ ਗੱਲ ਕੀਤੀ ਸੀ। ਇਸ ’ਤੇ ਸੱਜਣ ਸਿੰਘ ਨੇ ਕਿਹਾ ਕਿ ਜਦੋਂ ਕੁੜੀਆਂ 15 ਸਾਲ ਦੀ ਉਮਰ ’ਚ ਹੀ ਬੱਚੇ ਪੈਦਾ ਕਰਨ ਯੋਗ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਦੇ ਵਿਆਹ ਦੀ ਉਮਰ 21 ਸਾਲ ਕਰਨ ਦੀ ਕੀ ਲੋੜ ਹੈ? ਜਦੋਂ ਕੁੜੀਆਂ ਦੇ ਵਿਆਹ ਦੀ ਉਮਰ ਪਹਿਲਾਂ ਹੀ 18 ਸਾਲ ਤੈਅ ਹੈ ਤਾਂ ਇਸ ’ਚ ਤਬਦੀਲੀ ਕਿਉਂ ਕੀਤੀ ਜਾ ਰਹੀ ਹੈ? 

ਵਰਮਾ ਦਾ ਉਕਤ ਬਿਆਨ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ। ਸੱਜਣ ਸਿੰਘ ਵਰਮਾ ਨੇ ਰਾਜਧਾਨੀ ਭੋਪਾਲ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਾਕਟਰਾਂ ਮੁਤਾਬਕ ਕੁੜੀਆਂ 15 ਸਾਲ ਦੀ ਉਮਰ ’ਚ ਬੱਚੇ ਪੈਦਾ ਕਰਨ ਦੇ ਸਮਰੱਥ ਹੋ ਜਾਂਦੀਆਂ ਹਨ। ਇਸ ਲਈ ਉਨ੍ਹਾਂ ਦੇ ਵਿਆਹ ਦੀ ਉਮਰ ’ਚ ਤਬਦੀਲੀ ਕਰਨ ਦੀ ਲੋੜ ਨਹੀਂ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਕ ਪ੍ਰੋਗਰਾਮ ਵਿਚ ਕੁੜੀਆਂ ਦੇ ਵਿਆਹ ਦੀ ਉਮਰ ਨੂੰ ਲੈ ਕੇ ਬਹਿਸ ਦੀ ਲੋੜ ਦੱਸੀ ਸੀ। ਉਨ੍ਹਾਂ ਨੇ ਇਸ ਨੂੰ 18 ਸਾਲ ਤੋਂ ਵਧਾ ਕੇ 21 ਸਾਲ ਕੀਤੇ ਜਾਣ ਬਾਰੇ ਕਿਹਾ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਕਈ ਵਾਰ ਮੈਨੂੰ ਲੱਗਦਾ ਹੈ ਕਿ ਸਮਾਜ ’ਚ ਇਹ ਬਹਿਸ ਹੋਣੀ ਚਾਹੀਦੀ ਹੈ ਕਿ ਧੀਆਂ ਦੇ ਵਿਆਹ ਦੀ ਉਮਰ 18 ਸਾਲ ਹੀ ਰਹਿਣੀ ਚਾਹੀਦੀ ਹੈ ਜਾਂ ਇਸ ਨੂੰ ਵਧਾ ਕੇ 21 ਸਾਲ ਕਰ ਦੇਣਾ ਚਾਹੀਦਾ ਹੈ। ਮੈਂ ਇਸ ਨੂੰ ਬਹਿਸ ਦਾ ਵਿਸ਼ਾ ਬਣਾਉਣਾ ਚਾਹੁੰਦਾ ਹਾਂ। ਇਸ ਬਾਬਤ ਮੱਧ ਪ੍ਰਦੇਸ਼ ਸੋਚੇ, ਦੇਸ਼ ਸੋਚੇ ਤਾਂ ਜੋ ਇਸ ’ਤੇ ਕੋਈ ਫ਼ੈਸਲਾ ਹੋ ਸਕੇ।


Tanu

Content Editor

Related News