ਮੱਧ ਪ੍ਰਦੇਸ਼: ਰਾਮ ਨੌਮੀ ਦੀ ਸ਼ੋਭਾ ਯਾਤਰਾ ’ਤੇ ਪੱਥਰਬਾਜ਼ੀ, ਖਰਗੋਨ ’ਚ ਕਰਫਿਊ ਲਾਗੂ

Monday, Apr 11, 2022 - 11:32 AM (IST)

ਮੱਧ ਪ੍ਰਦੇਸ਼: ਰਾਮ ਨੌਮੀ ਦੀ ਸ਼ੋਭਾ ਯਾਤਰਾ ’ਤੇ ਪੱਥਰਬਾਜ਼ੀ, ਖਰਗੋਨ ’ਚ ਕਰਫਿਊ ਲਾਗੂ

ਖਰਗੋਨ (ਭਾਸ਼ਾ)– ਮੱਧ ਪ੍ਰਦੇਸ਼ ਦੇ ਖਰਗੋਨ ਸ਼ਹਿਰ 'ਚ ਰਾਮ ਨੌਮੀ ਦੀ ਸ਼ੋਭਾ ਯਾਤਰਾ ’ਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਤੋਂ ਬਾਅਦ ਕੁਝ ਵਾਹਨਾਂ ਅਤੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਹੈ। ਸਥਿਤੀ ਨੂੰ ਕਾਬੂ ਕਰਨ ਲਈ ਪੁਲਸ ਨੂੰ ਹੰਝੂ ਗੈਸ ਦੇ ਗੋਲੇ ਛੱਡਣੇ ਪਏ। ਖਰਗੋਨ ਦੇ ਜ਼ਿਲ੍ਹਾ ਮੈਜਿਸਟਰੇਟ ਅਨੁਗ੍ਰਹਿ ਪੀ ਨੇ ਕਿਹਾ ਕਿ ਪੂਰੇ ਖਰਗੋਨ ’ਚ ਕਰਫਿਊ ਲਗਾ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਹਿੰਸਾ ਦੌਰਾਨ ਖਰਗੋਨ ਦੇ ਪੁਲਸ ਸੁਪਰਡੈਂਟ (ਐਸ.ਪੀ) ਸਿਧਾਰਥ ਚੌਧਰੀ ਨੂੰ ਗੋਲੀ ਲੱਗੀ ਹੈ। ਹਿੰਸਾ ਦੇ ਕਾਰਨ ਅਧਿਕਾਰੀਆਂ ਨੇ ਸ਼ਹਿਰ ਦੇ ਤਿੰਨ ਥਾਣਾ ਖੇਤਰਾਂ ਵਿਚ ਕਰਫਿਊ ਲਗਾ ਦਿੱਤਾ ਅਤੇ ਪੂਰੇ ਸ਼ਹਿਰ ’ਚ ਸੀ.ਆਰ.ਪੀ.ਸੀ. ਦੀ ਧਾਰਾ 144 (ਚਾਰ ਜਾਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਮਨਾਹੀ) ਲਾਗੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ: ਨਾਨਵੈਜ ਅਤੇ ਰਾਮ ਨੌਮੀ ਪੂਜਾ ਨੂੰ ਲੈ ਕੇ ਵਿਵਾਦ; JNU ’ਚ ਭਿੜੇ ABVP ਅਤੇ ਲੈਫਟ ਦੇ ਵਿਦਿਆਰਥੀ

ਪੁਲਸ ਦੇ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਤਿਲਕ ਸਿੰਘ ਨੇ ਸੋਮਵਾਰ ਸਵੇਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ, “ਦੇਰ ਰਾਤ 2 ਵਜੇ ਤੋਂ ਬਾਅਦ ਸਥਿਤੀ ਕਾਬੂ ਵਿਚ ਹੈ ਅਤੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਪੁਲਸ ਦੀ ਗਸ਼ਤ ਜਾਰੀ ਹੈ। ਤਲਾਸ਼ੀ ਮੁਹਿੰਮ ’ਚ ਹੁਣ ਤੱਕ 70 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।” ਓਧਰ ਖਰਗੋਨ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਸੁਮੇਰ ਸਿੰਘ ਮੁਜਾਲਦੇ ਨੇ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਸਥਿਤ ਤਾਲਾਬ ਚੌਕ 'ਤੇ ਰਾਮ ਨੌਮੀ ਦਾ ਜਲੂਸ ਕੱਢਦੇ ਹੀ ਕੁਝ ਬਦਮਾਸ਼ਾਂ ਨੇ ਸ਼ੋਭਾ ਯਾਤਰਾ ’ਚ ਸ਼ਾਮਲ ਲੋਕਾਂ 'ਤੇ ਪਥਰਾਅ ਕੀਤਾ। ਇਸ ਕਾਰਨ ਪੁਲਸ ਨੇ ਸਥਿਤੀ ’ਤੇ ਕਾਬੂ ਪਾਉਣ ਲਈ ਹੰਝੂ ਗੈਸ ਦੇ ਗੋਲੇ ਛੱਡੇ। ਇਨ੍ਹਾਂ ਘਟਨਾਵਾਂ 'ਚ ਪੁਲਸ ਮੁਲਾਜ਼ਮਾਂ ਸਮੇਤ ਕੁਝ ਲੋਕ ਜ਼ਖ਼ਮੀ ਵੀ ਹੋਏ ਹਨ।

ਇਹ ਵੀ ਪੜ੍ਹੋ: ਕਿਸਾਨ ਜਿੰਨੇ ਮਜ਼ਬੂਤ ਹੋਣਗੇ, ਨਵਾਂ ਭਾਰਤ ਓਨਾਂ ਹੀ ਖ਼ੁਸ਼ਹਾਲ ਹੋਵੇਗਾ: PM ਮੋਦੀ

ਡੀ.ਆਈ.ਜੀ. ਨੇ ਕਿਹਾ ਕਿ ਹਿੰਸਾ ਵਿਚ 6 ਪੁਲਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 24 ਲੋਕ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਦਾ ਡਾਕਟਰੀ ਮੁਆਇਨਾ ਕੀਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਅਤੇ ਇਸ ਘਟਨਾ ਵਿਚ ਸ਼ਾਮਲ ਸਮਾਜ ਵਿਰੋਧੀ ਅਨਸਰਾਂ ਨੂੰ ਫੜਨ ’ਚ ਮਦਦ ਕਰਨ ਲਈ ਕਿਹਾ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਲੋਕਾਂ ਨੂੰ ਡਾਕਟਰੀ ਐਮਰਜੈਂਸੀ ਦੀ ਸਥਿਤੀ ਵਿਚ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਖਰਗੋਨ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਸੰਦੇਸ਼ ਜਾਂ ਵੀਡੀਓ ਸ਼ੇਅਰ ਕਰਨ 'ਤੇ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। 

ਇਹ ਵੀ ਪੜ੍ਹੋ: ਦੋ ਮਿੰਟ ’ਚ ਮੈਗੀ ਭਾਵੇਂ ਨਾ ਬਣੇ ਪਰ BSF ਜਵਾਨਾਂ ਨੇ ਕਰ ਵਿਖਾਇਆ ਇਹ ਹੈਰਾਨੀ ਭਰਿਆ ਕੰਮ

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰ ਕੇ ਦੱਸੋ
 
 


author

Tanu

Content Editor

Related News