MP ਜ਼ਿਮਨੀ ਚੋਣ: 28 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਜਾਣੋ ਕਿੰਨੇ ਫ਼ੀਸਦੀ ਪਈਆਂ ਵੋਟਾਂ
Tuesday, Nov 03, 2020 - 02:04 PM (IST)
ਭੋਪਾਲ (ਭਾਸ਼ਾ)— ਮੱਧ ਪ੍ਰਦੇਸ਼ ਵਿਚ 28 ਵਿਧਾਨ ਸਭਾ ਸੀਟਾਂ 'ਤੇ ਹੋਣ ਜਾ ਰਹੀਆਂ ਅਹਿਮ ਜ਼ਿਮਨੀ ਚੋਣਾਂ ਲਈ ਵੋਟਿੰਗ ਮੰਗਲਵਾਰ ਯਾਨੀ ਕਿ ਅੱਜ ਸਵੇਰੇ 7 ਵਜੇ ਸ਼ੁਰੂ ਹੋ ਗਈ ਹੈ। ਵੋਟਾਂ ਸ਼ਾਮ 6 ਵਜੇ ਤੱਕ ਪੈਣਗੀਆਂ। ਅਜੇ ਵੋਟਿੰਗ ਸ਼ਾਂਤੀਪੂਰਨ ਚੱਲ ਰਹੀ ਹੈ। ਚੋਣ ਕਮਿਸ਼ਨ ਵਲੋਂ ਦੱਸਿਆ ਗਿਆ ਹੈ ਕਿ ਸੂਬੇ 'ਚ ਦੁਪਹਿਰ ਡੇਢ ਵਜੇ ਤੱਕ 42.71 ਫ਼ੀਸਦੀ ਵੋਟਿੰਗ ਹੋਈ ਹੈ।
ਪ੍ਰਦੇਸ਼ ਦੇ ਐਡੀਸ਼ਨਲ ਮੁੱਖ ਚੋਣ ਅਧਿਕਾਰੀ ਅਰੁਣ ਤੋਮਰ ਨੇ ਦੱਸਿਆ ਕਿ ਵੋਟਿੰਗ ਸ਼ਾਂਤੀਪੂਰਨ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਕੋਵਿਡ-19 ਮਹਾਮਾਰੀ ਕਾਰਨ ਜ਼ਿਮਨੀ ਚੋਣਾਂ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਪ੍ਰਬੰਧਾਂ ਵਿਚ ਚੋਣ ਕਾਮਿਆਂ ਲਈ ਨਿੱਜੀ ਸੁਰੱਖਿਆ ਉਪਕਰਣ (ਪੀ. ਪੀ. ਈ.), ਵੱਧ ਵੋਟਿੰਗ ਕੇਂਦਰ, ਥਰਮਲ ਸਕ੍ਰੀਨਿੰਗ, ਸੈਨੇਟਾਈਜ਼ਰ, ਵੋਟਰਾਂ ਲਈ ਮਾਸਕ ਅਤੇ ਦਸਤਾਨੇ ਅਤੇ ਸਮਾਜਿਕ ਦੂਰੀ ਯਕੀਨੀ ਕਰਨਾ ਸ਼ਾਮਲ ਹੈ।
ਓਧਰ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਉਨ੍ਹਾਂ ਦੀ ਪਤਨੀ ਕਿਰਨ ਤੋਮਰ ਨੇ ਗਵਾਲੀਅਰ ਵਿਚ ਵੋਟ ਪਾਈ। ਇਸ ਤੋਂ ਇਲਾਵਾ ਜੋਤੀਰਾਦਿਤਿਆ ਸਿੰਧੀਆ, ਤੁਸਲੀ ਸਿਲਾਵਟ ਸਮੇਤ ਕਈ ਦਿੱਗਜ਼ ਨੇਤਾਵਾਂ ਨੇ ਪਰਿਵਾਰ ਸਮੇਤ ਵੋਟ ਪਾਈ। ਇਸ ਦੌਰਾਨ ਸਿੰਧੀਆ ਨੇ ਪਹਿਲੀ ਵਾਰ ਭਾਜਪਾ ਵਰਕਰ ਦੇ ਰੂਪ 'ਚ ਵੋਟ ਪਾਈ।
355 ਉਮੀਦਵਾਰ ਅਜਮਾ ਰਹੇ ਕਿਸਮਤ—
ਤੋਮਰ ਨੇ ਕਿਹਾ ਕਿ ਆਖਰੀ ਇਕ ਘੰਟੇ ਵਿਚ ਕੋਵਿਡ-19 ਦੇ ਮਰੀਜ਼ ਅਤੇ ਸ਼ੱਕੀ ਮਰੀਜ਼ ਵੋਟ ਪਾਉਣਗੇ। ਪ੍ਰਦੇਸ਼ ਦੀਆਂ 28 ਵਿਧਾਨ ਸਭਾ ਸੀਟਾਂ 'ਤੇ ਕੁੱਲ 63.67 ਵੋਟਰ ਹਨ, ਜੋ 12 ਮੰਤਰੀਆਂ ਸਮੇਤ ਕੁੱਲ 355 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਤੋਮਰ ਨੇ ਦੱਸਿਆ ਕਿ ਜ਼ਿਮਨੀ ਚੋਣਾਂ ਵਿਚ ਕੁੱਲ 9,361 ਵੋਟਿੰਗ ਕੇਂਦਰ ਬਣਾਏ ਗਏ ਹਨ, ਜਿਨ੍ਹਾਂ 'ਚੋਂ 3,038 ਵੋਟਿੰਗ ਕੇਂਦਰਾਂ ਨੂੰ ਸੰਵੇਦਨਸ਼ੀਲ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 19 ਜ਼ਿਲ੍ਹਿਆਂ ਵਿਚ ਜ਼ਿਮਨੀ ਚੋਣਾਂ ਲਈ 33 ਹਜ਼ਾਰ ਸੁਰੱਖਿਆ ਕਾਮਿਆਂ ਨੂੰ ਤਾਇਨਾਤ ਕੀਤਾ ਗਿਆ ਹੈ। ਪ੍ਰਦੇਸ਼ ਵਿਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣ ਦੀ ਪੂਰੀ ਤਿਆਰੀ ਕੀਤੀ ਗਈ ਹੈ। ਮੱਧ ਪ੍ਰਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਇੰਨੀ ਜ਼ਿਆਦਾ ਵਿਧਾਨ ਸਭਾ ਸੀਟਾਂ 'ਤੇ ਇਕੱਠੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। 10 ਨਵੰਬਰ ਨੂੰ ਇਨ੍ਹਾਂ ਦੇ ਨਤੀਜੇ ਆਉਣ ਤੋਂ ਬਾਅਦ ਪ੍ਰਦੇਸ਼ ਵਿਚ ਸੱਤਾਧਾਰੀ ਭਾਜਪਾ ਜਾਂ ਮੁੱਖ ਵਿਰੋਧੀ ਦਲ ਕਾਂਗਰਸ ਕਿਸ ਦੀ ਸਰਕਾਰ ਬਣੇਗੀ, ਇਹ ਤੈਅ ਹੋਵੇਗਾ।