ਓਵੈਸੀ ਨੇ ਲੋਕਾਂ ਨੂੰ 30 ਅਪ੍ਰੈਲ ਨੂੰ 15 ਮਿੰਟ ਲਈ ਲਾਈਟਾਂ ਬੰਦ ਕਰਨ ਦੀ ਕੀਤੀ ਅਪੀਲ
Tuesday, Apr 29, 2025 - 08:43 PM (IST)

ਹੈਦਰਾਬਾਦ, (ਭਾਸ਼ਾ)- ‘ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ’ (ਏ. ਆਈ. ਐੱਮ. ਆਈ. ਐੱਮ.) ਦੇ ਮੁਖੀ ਅਸਦੁਦੀਨ ਓਵੈਸੀ ਨੇ ਮੰਗਲਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਕਫ਼ (ਸੋਧ) ਐਕਟ ਦੇ ਖਿਲਾਫ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏ. ਆਈ. ਐੱਮ. ਪੀ. ਐੱਲ. ਬੀ.) ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੇ ਹਿੱਸੇ ਵਜੋਂ 30 ਅਪ੍ਰੈਲ ਨੂੰ ਰਾਤ 9 ਵਜੇ ਤੋਂ 9.15 ਵਜੇ ਤੱਕ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰ ਦੇਣ।
ਹੈਦਰਾਬਾਦ ਤੋਂ ਲੋਕ ਸਭਾ ਮੈਂਬਰ ਨੇ ਕਿਹਾ ਕਿ ਇਹ ਐਕਟ ਭਾਰਤ ਦੇ ਸੰਵਿਧਾਨ, ਖਾਸ ਕਰ ਕੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਅਤੇ ਵਕਫ਼ ਬੋਰਡ ਦੇ ਕੰਮਕਾਜ ਵਿਚ ਦਖਲਅੰਦਾਜ਼ੀ ਹੈ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਕੱਲ ਰਾਤ ਲਾਈਟਾਂ ਬੰਦ ਕਰ ਦਿਓ ਤਾਂ ਜੋ ਨਰਿੰਦਰ ਮੋਦੀ ਸਰਕਾਰ ਤੱਕ ਇਹ ਸੁਨੇਹਾ ਜਾਵੇ ਕਿ ਵਕਫ਼ ਸੋਧ ਐਕਟ ਭਾਰਤ ਦੇ ਸੰਵਿਧਾਨ, ਖਾਸ ਕਰ ਕੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ।